ਹੁਸ਼ਿਆਰਪੁਰ: ਬਲਾਕ ਅਤੇ ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਪੈਂਸਰਾ ਵਿੱਚ ਇੱਕ ਨੌਜਵਾਨ ਨੇ ਪ੍ਰੇਮ ਸਬੰਧਾਂ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਘਰ ਵਿੱਚ ਹੀ ਆਤਮ-ਹੱਤਿਆ ਕਰ ਲਈ।
ਜਾਣਕਾਰੀ ਮੁਤਾਬਕ ਜਦੋਂ ਉਸ ਨੇ ਇਹ ਕਦਮ ਚੁੱਕਿਆ ਤਾਂ ਉਹ ਆਪਣੀ ਪ੍ਰੇਮਿਕਾ ਦੇ ਨਾਲ ਫ਼ੋਨ ਉੱਤੇ ਗੱਲਾਂ ਕਰ ਰਿਹਾ ਸੀ। ਪੁਲਿਸ ਵਾਲਿਆਂ ਮੌਕੇ ਉੱਤੇ ਪੁੱਜੇ ਅਤੇ ਲਾਸ਼ ਨੂੰ ਪੋਸਟ-ਮਾਰਟਮ ਲਈ ਸ਼ਹਿਰ ਲੈ ਗਏ।
ਜਾਣਕਾਰੀ ਮੁਤਾਬਕ ਜਦੋਂ ਲੜਕੇ ਵਾਲੇ ਪੋਸਟ-ਮਾਰਟਮ ਲਈ ਸ਼ਹਿਰ ਗਏ ਹੋਏ ਸਨ ਤਾਂ ਸ਼ਾਮ ਦੇ ਕਰੀਬ ਸਾਢੇ ਪੰਜ ਵਜੇ ਪ੍ਰੇਮਿਕਾ ਦੀ ਲਾਸ਼ ਲੜਕੀ ਦੇ ਘਰ ਦੇ ਬਾਹਰ ਮਿਲੀ। ਜਿਸ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ।
ਮ੍ਰਿਤਕ ਲੜਕੇ ਦੇ ਭਰਾ ਦਾ ਕਹਿਣਾ ਹੈ ਪੁਲਿਸ ਨੇ 306 ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮੰਗ ਕੀਤੀ ਹੈ ਕਿ ਖ਼ੁਦਕੁਸ਼ੀ ਲਈ ਉਕਸਾਉਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਮੇਸ਼ ਲਾਲ, ਮਾਤਾ ਜਗੀਰ ਕੌਰ, ਭਰਾ ਸੁਰਜੀਤ ਸਿੰਘ, ਮਨਰਿੰਦਰ ਸਿੰਘ ਪੈਂਸਰਾਂ, ਰਜਿੰਦਰ ਸਿੰਘ, ਧਰਮਿੰਦਰ ਕੁਮਾਰ, ਅਮਨਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਸਰਬਜੀਤ ਸਿੰਘ ਉਰਫ਼ ਸਾਬੀ ਦਾ ਪਿੰਡ ਦੀ ਹੀ ਇੱਕ ਲੜਕੀ ਨਾਲ ਪਿਛਲੇ ਤਿੰਨ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ ਜਿਸ ਕਾਰਨ ਦੋਹਾਂ ਪਰਿਵਾਰਾਂ ਵਿਚ ਕਈ ਵਾਰ ਇਸ ਮਾਮਲੇ ਨੂੰ ਲੈ ਕੇ ਝਗੜੇ ਵੀ ਹੋਏ ਅਤੇ ਪੰਚਾਇਤੀ ਰਾਜੀਨਾਮੇ ਵੀ ਹੋਏ ਅਤੇ ਕਈ ਵਾਰ ਲੜਕੀ ਆਪਣੇ ਘਰ ਦਿਆਂ ਦੀ ਕੁੱਟਮਾਰ ਤੋਂ ਡਰਦੀ ਹੋਈ ਉਨ੍ਹਾਂ ਦੇ ਘਰ ਆ ਜਾਂਦੀ ਸੀ। ਉਹ ਮੋਹਤਵਰ ਵਿਅਕਤੀਆਂ ਦੀ ਹਾਜ਼ਰੀ ਵਿਚ ਉਸ ਨੂੰ ਕਈ ਵਾਰ ਘਰ ਵੀ ਛੱਡ ਆਉਂਦੇ ਸਨ।ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਲੜਕੀ ਦਾ ਪਿਤਾ ਕਈ ਵਾਰ ਉਨ੍ਹਾਂ ਦੇ ਲੜਕੇ ਦੀ ਕੁੱਟਮਾਰ ਵੀ ਕਰ ਚੁੱਕਾ ਹੈ ਅਤੇ ਉਸ ਦੇ ਰਿਸ਼ਤੇਦਾਰ ਵੀ ਉਨ੍ਹਾਂ ਦੇ ਲੜਕੇ ਨੂੰ ਰਸਤੇ ਵਿੱਚ ਘੇਰਦੇ ਸਨ |
ਉਨ੍ਹਾਂ ਦੱਸਿਆ ਕਿ ਜਨਵਰੀ 2020 ਵਿਚ ਲੜਕੀ ਦੇ ਪਿਤਾ ਨੇ ਉਨ੍ਹਾਂ ਦੇ ਘਰ 'ਤੇ ਇੱਟਾਂ ਰੋੜੇ ਮਾਰੇ ਸਨ ਅਤੇ ਮਾਰਚ ਦੇ ਅਖ਼ੀਰ ਵਿਚ ਉਨ੍ਹਾਂ ਦੇ ਲੜਕੇ ਵਿਚ ਮੋਟਰਸਾਈਕਲ ਮਾਰ ਕੇ ਜ਼ਖ਼ਮੀ ਕੀਤਾ ਸੀ।
ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਕੇ ਮਾਮਲਾ ਦਰਜ਼ ਕਰਕੇ ਕੇਸ ਦਰਜ਼ ਕਰ ਲਿਆ। ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਲਦ ਹੀ ਮਾਮਲਾ ਸਾਫ਼ ਹੋ ਜਾਵੇਗਾ।