ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ ਪੰਜਾਬ ਸਰਕਾਰ ਵਲੋਂ ਖੋਲ੍ਹੇ ਮੁਹੱਲਾ ਕਲੀਨਿਕ ਦਾ ਭਾਜਪਾ ਆਗੂ ਨਿਮਿਸ਼ਾ ਮਹਿਤਾ ਵਲੋਂ ਪਿੰਡ ਵਾਸੀਆਂ ਨੂੰ ਨਾਲ ਲੈਕੇ ਦੌਰਾ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਮੋਰਾਂਵਾਲੀ ਵਿੱਖੇ ਪੰਜਾਬ ਸਰਕਾਰ ਵਲੋਂ ਖੋਲ੍ਹੇ ਮੁਹੱਲਾ ਕਲੀਨਿਕ 'ਤੇ ਸਵਾਲ ਚੁੱਕਦੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਦਾ ਢਿੰਡੋਰਾ ਪਿੱਟ ਕੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਵਿਧਿਆਵਤੀ ਦਾ ਨਾਂ ਮਿਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਫੋਟੋ ਲਗਾ ਕੇ ਮੁਹੱਲਾ ਕਲੀਨਿਕ ਖੋਲ੍ਹਣ ਦਾ ਡਰਾਮਾ ਰੱਚਿਆ ਹੈ।
ਉਨ੍ਹਾਂ ਕਿਹਾ ਮਾਨ ਸਰਕਾਰ ਦੀ ਇਸ ਕਾਰਗੁਜ਼ਾਰੀ ਕਰਕੇ ਸ਼ਹੀਦ ਭਗਤ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਹਿਰਦੇ ਬਲੂੰਦਰੇ ਗਏ ਹਨ। ਨਿਮਿਸ਼ਾ ਮਹਿਤਾ ਭਾਜਪਾ ਆਗੂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੋਰਾਂਵਾਲੀ ਦੇ ਮੁਹੱਲਾ ਕਲੀਨਿਕ ਵਿੱਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਬਦਲਕੇ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਵਿਧਿਆਵਤੀ ਦੀ ਫੋਟੋ ਨਾਂ ਲਗਾਈ, ਤਾਂ ਉਹ ਸੰਘਰਸ਼ ਕਰਨਗੇ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਵਿਧਿਆਵਤੀ ਦੀ ਯਾਦ ਵਿੱਚ ਹਸਪਤਾਲ ਵਿੱਚ ਬਣਾਇਆ ਗਿਆ ਸੀ ਜਿਸ ਨੂੰ ਅੱਜ ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਈ ਗਈ ਹੈ ਜਿਸ ਦਾ ਉਨ੍ਹਾਂ ਨੂੰ ਦੁੱਖ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਹੀਦ ਭਗਤ ਸਿੰਘ ਦੀ ਮਾਤਾ ਵਿਧਿਆਵਤੀ ਦੇ ਨਾਮ ਉੱਤੇ ਐਨਆਰਆਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਏ ਬੋਰਡ ਨੂੰ ਵੀ ਉਤਾਰ ਕੇ ਸੁੱਟ ਦਿੱਤਾ ਗਿਆ ਹੈ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਉੱਤੇ ਦੋਸ਼ ਲਗਾਉਂਦੀ ਸੀ ਕਿ ਸਰਕਾਰੀ ਇਮਾਰਤਾਂ ਤੇ ਬੋਰਡਾਂ ਉੱਤੇ ਆਪਣੀਆਂ ਫੋਟੋ ਲਗਾ ਕਿ ਸਰਕਾਰ ਦੇ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ, ਪਰ ਹੁਣ ਮਾਨ ਸਰਕਾਰ ਸਹੀਦਾਂ ਦੇ ਨਾਂ ਉੱਤੇ ਬਣੇ ਹੋਏ ਹਸਪਤਾਲਾਂ ਤੋਂ ਸ਼ਹੀਦਾਂ ਦੇ ਨਾਂ ਤੱਕ ਮਿਟਾਉਣ ਨੂੰ ਤੁਰੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਘਟੀਆ ਮਾਨਸਿਕਤਾ ਵਾਲੀ ਸਰਕਾਰ ਦਾ ਡੱਟ ਕੇ ਵਿਰੋਧ ਕਰਨ, ਤਾਂਕਿ ਸਰਕਾਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਵੇ।
ਇਹ ਵੀ ਪੜ੍ਹੋ: Attack on Indians in Australia : ਤਿਰੰਗਾ ਲੈ ਕੇ ਖੜ੍ਹੇ ਲੋਕਾਂ ਉਤੇ ਖਾਲਿਸਤਾਨੀਆਂ ਵੱਲੋਂ ਹਮਲਾ !, 5 ਜ਼ਖ਼ਮੀ, ਦੇਖੋ ਵੀਡੀਓ