ਹੁਸ਼ਿਆਰਪੁਰ: ਪੰਜਾਬ ਭਰ 'ਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਜਿਸ ਲਈ ਹਰੇਕ ਰਾਜਨੀਤਿਕ ਪਾਰਟੀ ਵੱਲੋਂ ਜ਼ੋਰ ਅਜ਼ਮਾਈਸ਼ ਕੀਤੀ ਜਾ ਰਹੀ ਹੈ।
ਉਮੀਦਵਾਰਾਂ ਵੱਲੋਂ ਜਿੱਤ ਦਾ ਦਾਅਵਾ
ਇਸੇ ਤਹਿਤ ਹੁਸ਼ਿਆਰਪੁਰ ਸ਼ਹਿਰ 'ਚ ਇੱਕੇ ਪਾਸੇ ਨਗਰ ਨਿਗਮ ਦੀਆਂ 50 ਸੀਟਾਂ 'ਤੇ ਰਾਜਨੀਤਕ ਪਾਰਟੀਆਂ ਵੱਲੋਂ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਦੂਜੇ ਪਾਸੇ ਸੂਬੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਸ਼ਹਿਰ ਦੀਆਂ 50 ਦੀਆਂ 50 ਸੀਟਾਂ 'ਤੇ ਜਿੱਤ ਦਾ ਦਾਅਵਾ ਕਰਦਿਆਂ ਮੇਅਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਪਿਛਲੀਆਂ ਤੋਂ ਚੋਣਾਂ ਦਾ ਵੇਰਵਾ
ਬੀਤੀ 2014 ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਨਗਰ ਕੌਂਸਲ ਹੁਸ਼ਿਆਰਪੁਰ ਦੇ ਕੁੱਲ 31 ਵਾਰਡ ਸਨ ਅਤੇ 2020 ਤੱਕ ਨਗਰ ਕੌਂਸਲ ਅਤੇ ਨਗਰ ਨਿਗਮ ਹੁਸ਼ਿਆਰਪੁਰ 'ਤੇ ਅਕਾਲੀ ਭਾਜਪਾ ਦਾ ਰਾਜ ਹੀ ਰਿਹਾ ਹੈ। ਹਾਲਾਂਕਿ ਹੁਣ ਇਹ ਗੱਠਜੋੜ ਹੁਣ ਟੁੱਟ ਚੁੱਕਿਆ ਹੈ ਸਾਲ 2013 ਤੋਂ ਭਾਜਪਾ ਦੇ 17 ਕੌਂਸਲਰ ਅਤੇ ਅਕਾਲੀ ਦਲ ਦੇ 10 ਕੌਂਸਲਰ ਅਤੇ 4 ਆਜ਼ਾਦ ਕੌਂਸਲਰਾਂ ਨਾਲ ਮਿਲ ਕੇ 31 ਦਾ ਅੰਕੜਾ ਲੈ ਕੇ ਭਾਜਪਾ ਨੇ ਆਪਣਾ ਮੇਅਰ ਸਥਾਪਤ ਕੀਤਾ ਸੀ।
ਕੁੱਲ ਵੋਟਰ
ਹੁਣ ਨਗਰ ਨਿਗਮ ਬਣਨ ਤੋਂ ਬਾਅਦ ਹੁਸ਼ਿਆਰਪੁਰ ਦੇ 50 ਵਾਰਡਾਂ 'ਤੇ ਦੂਸਰੀ ਵਾਰ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਲਈ ਹਰੇਕ ਪਾਰਟੀ ਨੇ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਨਗਰ ਨਿਗਮ ਦੇ ਅੰਕੜਿਆਂ ਮੁਤਾਬਕ 50 ਵਾਰਡਾਂ 'ਚ ਸਾਲ 2020 ਮੁਤਾਬਕ ਕੁੱਲ 2,21,892 ਵੋਟਰ ਸਨ ਜਿਨ੍ਹਾਂ ਵਿੱਚੋਂ ਮਰਦ ਵੋਟਰ 1,13,753 ਅਤੇ ਮਹਿਲਾ ਵੋਟਰ 1,08,125 ਸਨ।
ਲੋਕਾਂ ਵੱਲੋਂ ਬੁਨਿਆਦੀ ਸਹੂਲਤਾਂ ਦੀ ਮੰਗ
ਇਸ ਬਾਬਤ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਹੁਸ਼ਿਆਰਪੁਰ ਸ਼ਹਿਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਮੀਦਵਾਰ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਪਰ ਇਨ੍ਹਾਂ ਚੋਣਾਂ 'ਚ ਗੱਲਬਾਤ ਲੋਕਲ ਮੁੱਦਿਆਂ ਦੀ ਹੁੰਦੀ ਹੈ ਅਤੇ ਇਨ੍ਹਾਂ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕਰਨੇ ਚਾਹੀਦੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਜਿਵੇਂ ਕਿ ਪਾਣੀ ਸੜਕਾਂ ਅਤੇ ਇਸ ਤੋਂ ਇਲਾਵਾ ਸੀਵਰੇਜ ਦੀ ਸਮੱਸਿਆ, ਗਲੀਆਂ 'ਚ ਸਟਰੀਟ ਲਾਈਟਾਂ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਵੱਲ ਵਿਸ਼ੇਸ਼ ਤੌਰ 'ਤੇ ਕੰਮ ਕਰਨਾ ਚਾਹੀਦਾ ਹੈ।