ਹੁਸ਼ਿਆਰਪੁਰ: ਇੱਕ ਬੀਤ ਜਾਣ ਦੇ ਬਾਅਦ ਵੀ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਸਹੂਲਤਾਵਾਂ ਨਹੀਂ ਮਿਲ ਰਹੀਆਂ। ਜਿਸ ਕਾਰਨ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਗਲਤੀ ਕੀਤੀ ਹੈ। ਮਾਮਲਾ ਹੁਸ਼ਿਆਰਪੁਰ ਦੇ ਹਲਕਾ ਸ਼ਾਮਚੁਰਾਸੀ ਤੋਂ ਸਾਹਮਣੇ ਆਇਆ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਰਵਜੋਤ ਦੇ ਦਫ਼ਤਰ ਬਾਹਰ ਆਏ ਹਲਕੇ ਦੇ ਲੋਕਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜਿਸ ਕਾਰਨ ਡਾ. ਰਵਜੋਤ ਮੁਰਦਾਬਾਦ ਦੇ ਨਾਅਰਿਆਂ ਨਾਲ ਵਿਧਾਇਕ ਦਾ ਦਫਤਰ ਗੂੰਝ ਉਠਿਆ ਅਤੇ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਕਣਕ ਨਹੀਂ ਨਸੀਬ ਹੋ ਰਹੀ ।
ਵਿਧਾਇਕ ਉੱਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ: ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ ਦੇ ਬਾਵਜੂਦ ਵਿਧਾਇਕ ਵਲੋਂ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਇਸ ਮੌਕੇ ਪਿੰਡ ਪੰਡੋਰੀ ਭਾਵਾ ਅਤੇ ਪਿੰਡ ਸ਼ੇਖੂਪੁਰ ਦੇ ਸਰਪੰਚ ਅਤੇ ਮੌਜੂਦ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ 6 ਮਹੀਨਿਆਂ ਤੋਂ ਖਾਣ ਲਈ ਕਣਕ ਨਹੀਂ ਨਸੀਬ ਹੋਈ ਹੈ। ਉਨ੍ਹਾਂ ਆਖਿਆ ਕਿ ਇਸ ਸਮੱਸਿਆ ਨੂੰ ਲੈ ਕੇ ਉਹ ਵਿਧਾਇਕ ਦੇ ਦਫਤਰ ਵਿੱਚ ਆਏ ਸਨ ਪਰੰਤੂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।
ਲੋਕਾਂ 'ਚ ਰੋਸ: ਪਿੰਡ ਵਾਸੀਆਂ ਨੇ ਮਨ ਦੀ ਭੜਾਸ ਕੱਢਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਵਾਲੇ ਹੁਣ ਉਨ੍ਹਾਂ ਨੂੰ ਦਫ਼ਤਰ ਵਿੱਚ ਵੀ ਵੜਨ ਨਹੀਂ ਦੇ ਰਹੇ। ਲੋਕਾਂ ਨੇ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਵਲੋਂ ਡਾ. ਰਵਜੋਤ ਦਾ ਪੂਰਾ ਸਾਥ ਦਿੱਤਾ ਗਿਆ ਸੀ ਪਰੰਤੂ ਅੱਜ ਜਦੋਂ ਹਲਕੇ ਦੇ ਲੋਕਾਂ ਉੱਤੇ ਮੁਸੀਬਤ ਆਣ ਪਈ ਹੈ ਤਾਂ ਨੁਮਾਇੰਦਿਆਂ ਵਲੋਂ ਉਨ੍ਹਾਂ ਦੀ ਕੋਈ ਵੀ ਸਾਰ ਨਹੀਂ ਲਈ ਜਾ ਰਹੀ। ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਕੜਾਕੇ ਧੁੱਪ ਵਿੱਚ ਵਿਧਾਇਕ ਦੇ ਦਫਤਰ ਬਾਹਰ ਧਰਨਾ ਲਾਉਣਾ ਪਿਆ ਹੈ।
ਦਫਤਰ ਇੰਚਾਰਜ ਦਾ ਕੀ ਕਹਿਣਾ: ਉਧਰ ਦੂਜੇ ਪਾਸੇ ਵਿਧਾਇਕ ਦੇ ਦਫਤਰ ਇੰਚਾਰਜ ਹਰਪ੍ਰੀਤ ਸਿੰਘ ਧਾਮੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਵਲੋਂ ਜਾਣਬੁਝ ਕੇ ਇਸ ਗੱਲ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਜਦਕਿ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਵਿਧਾਇਕ ਦੇ ਧਿਆਨ ਵਿੱਚ ਹੈ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਵੀ ਦੁਆਇਆ ਗਿਆ ਹੈ ਕਿ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਣਕ ਦੀ ਕਮੀ ਕਾਰਨ ਇਹ ਸਮੱਸਿਆ ਆਈ ਹੈ ਜਿਸ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ।