ਗੁਰਦਾਸਪੁਰ: ਇੱਕ ਪਾਸੇ ਭਾਰਤ ਸਰਕਾਰ ਜ਼ੋਰਾਂ-ਸ਼ੋਰਾਂ ਨਾਲ ਦੇਸ਼ ਨੂੰ ਡਿਜੀਟਲ ਬਣਾਉਣ ਦੀ ਗੱਲ ਕਰ ਰਹੀ ਹੈ ਪਰ ਦੂਸਰੇ ਪਾਸੇ ਅਜ਼ਾਦੀ ਦੇ 72 ਸਾਲ ਬੀਤ ਜਾਣ ਦੇ ਬਾਅਦ ਵੀ ਦੇਸ਼ ਦੇ ਕੁੱਝ ਅਜਿਹੇ ਪਿੰਡ ਵੀ ਹਨ ਜੋ ਬਰਸਾਤ ਦੇ ਦਿਨਾਂ ਵਿੱਚ ਟਾਪੂ ਬਣ ਜਾਂਦੇ ਹਨ ਅਤੇ ਉਨ੍ਹਾਂ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁੱਟ ਜਾਂਦਾ ਹੈ।
ਕਿਸ਼ਤੀ ਦਾ ਸਹਾਰਾ
ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਅਧੀਨ ਪੈਂਦੇ ਮਕੌੜਾ ਪੱਤਣ ਰਾਵੀ ਦਰਿਆ ਤੋਂ ਪਾਰ ਵੱਸਦੇ 7 ਪਿੰਡਾਂ ਦੇ ਲੋਕ ਵੀ ਅਜਿਹੀ ਸਥਿਤੀ ਤੋਂ ਗੁਜ਼ਰ ਰਹੇ ਹਨ। ਰਾਵੀ ਦਰਿਆ 'ਤੇ ਬਣਿਆ ਅਸਥਾਈ ਪੁੱਲ ਹਟਾਏ ਜਾਣ ਤੋਂ ਬਾਅਦ ਇਹ ਪਿੰਡ ਟਾਪੂ ਵਿੱਚ ਤਬਦੀਲ ਹੋ ਜਾਂਦੇ ਹਨ ਅਤੇ ਪਿੰਡ ਦੇ ਲੋਕਾਂ ਨੂੰ ਰੋਜ਼ਾਨਾ ਦੇ ਕੰਮ ਕਰਨ ਲਈ ਇੱਕ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਹੈ।
ਬੁਨਿਆਦੀ ਸੂਲਤਾਂ ਤੋਂ ਵਾਂਝੇ
ਆਪਣੀ ਜਾਨ ਖ਼ਤਰੇ ਵਿੱਚ ਪਾਕੇ ਕਿਸ਼ਤੀ ਵਿੱਚ ਸਫ਼ਰ ਕਰ ਰਹੇ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨੇ ਆਪਣਾ ਦੁਖੜਾ ਸੁਣਾਉਂਦਿਆਂ ਦੱਸਿਆ ਕਿ ਆਜ਼ਾਦੀ ਦੇ 72 ਸਾਲ ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਲਈ ਕੋਈ ਪੁੱਲ ਨਹੀਂ ਬਣਿਆ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਨਾ ਤਾਂ ਪਿੰਡ ਵਿੱਚ ਕੋਈ ਮੇਡੀਕਲ ਸਹੂਲਤ ਪਹੁੰਚ ਪਾਉਂਦੀ ਹੈ ਅਤੇ ਨਾ ਹੀ ਪਾਰ ਵੱਸਣ ਵਾਲੇ ਕਿਸਾਨਾਂ ਨੂੰ ਕੋਈ ਸਹੂਲਤ ਮਿਲਦੀ ਹੈ।
ਹੜ੍ਹ ਦਾ ਡਰ
ਹੁਣ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨਾਂ ਨੂੰ ਹੜ੍ਹ ਦਾ ਖ਼ਤਰਾ ਵੀ ਸਤਾ ਰਿਹਾ ਅਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਵਾਅਦੇ ਮੁਤਾਬਕ ਇੱਥੇ ਪੁੱਲ ਦਾ ਨਿਰਮਾਣ ਕਰਨ ਤਾਂ ਜੋ ਉਨ੍ਹਾਂ 7 ਪਿੰਡਾਂ ਦਾ ਵੀ ਬਾਕੀ ਦੁਨੀਆ ਨਾਲ ਸੰਪਰਕ ਕਾਇਮ ਹੋ ਸਕੇ।