ਗੁਰਦਾਸਪੁਰ :ਨਸ਼ੇ ਨੂੰ ਖਤਮ ਕਰਨ ਨੂੰ ਲੈਕੇ ਪੁਲਿਸ ਤੇ ਇੱਕ ਹਸਪਤਾਲ ਵੱਲੋਂ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ।ਐਸ ਐਸ ਪੀ ਡਾ. ਨਾਨਕ ਸਿੰਘ ਵੱਲੋਂ ਦੀਪ ਹਸਪਤਾਲ ਦੇ ਸਹਿਯੋਗ ਨਾਲ ਇੱਕ ਨਸ਼ਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਵੈਨ ਵਿੱਚ ਵਿਚ ਇਕ ਟੀਮ ਹੋਵੇਗੀ ਜੋ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰੇਗੀ ਤਾਂਕਿ ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ।
ਐਸਐਸਪੀ ਗੁਰਦਾਸਪੁਰ ਡਾ. ਨਾਨਕ ਸਿੰਘ ਨੇ ਨਸ਼ਾ ਜਾਗਰੂਕਤਾ ਵੈਨ ਨੂੰ ਰਵਾਨਾ ਕਰਦਿਆਂ ਦੱਸਿਆ ਕਿ ਨਸ਼ਾ ਇਕ ਕੋਹੜ ਹੈ ਅਤੇ ਇਸ ਕੋਹੜ ਨੂੰ ਖ਼ਤਮ ਕਰਨਾ ਸਮਾਜ ਵਿਚਲੇ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਕਰਨ ਵਾਲੇ ਵਿਅਕਤੀ ਦੀ ਇਮੂਨਿਟੀ ਕਮਜ਼ੋਰ ਹੁੰਦੀ ਹੈ ਅਤੇ ਉਸ ਵਿਅਕਤੀ ਨੂੰ ਭਿਆਨਕ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਇਲਾਕੇ ਵਿਚ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਨੇੜੇ ਦੀ ਪੁਲਿਸ ਨੂੰ ਜਾਂ ਪੁਲਿਸ ਅਧਿਕਾਰੀ ਨੂੰ ਦਿੱਤੀ ਜਾ ਸਕਦੀ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਇਸ ਦੌਰਾਨ ਦੀਪ ਹਸਪਤਾਲ ਦੇ ਡਾਕਟਰ ਗੁਰਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਤੌਰ ਤੇ ਲੋਕਾਂ ਨੂੰ ਨਸ਼ੇ ਦੇ ਇਲਾਜ ਦੀ ਜਾਣਕਾਰੀ ਨਹੀਂ ਹੈ। ਲੋਕ ਸੋਚਦੇ ਹਨ ਕਿ ਨਸ਼ਾ ਬਿਨ੍ਹਾਂ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਨਹੀਂ ਛੱਡਿਆ ਜਾ ਸਕਦਾ ਪਰ ਨਸ਼ਾ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਬਿਨ੍ਹਾਂ ਵੀ ਛੱਡਿਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਜ਼ਰੂਰਤ ਸਿਰਫ ਕੌਂਸਲਰ ਦੀ ਸਲਾਹ ਦੀ ਹੁੰਦੀ ਹੈ ਅਤੇ ਸਹੀ ਸਲਾਹ ਦੇ ਨਾਲ ਦਵਾਈ ਨਾਲ ਨਸ਼ਾ ਛੱਡਿਆ ਜਾ ਸਕਦਾ ਹੈ। ਇਹ ਵੈਨ ਚਲਾਉਣ ਦਾ ਮਕਸਦ ਵੀ ਇਹੀ ਹੈ ਇਹ ਵੈਨ ਗੁਰਦਾਸਪੁਰ ਦੇ ਆਸ ਪਾਸ ਦੇ ਪਿੰਡਾਂ ਵਿਚ ਵੀ ਜਾਵੇਗੀ।
ਇਹ ਵੀ ਪੜ੍ਹੋ:ਪਹਿਲਾ ਟੀਕਾ ਲਗਵਾਉਣ ਤੋਂ ਬਾਅਦ ਸਰਟੀਫਿਕੇਟ ਨਾ ਮਿਲਣ ‘ਤੇ ਖੱਜਲ ਖੁਆਰ ਹੋ ਰਹੇ ਲੋਕ