ਬਟਾਲਾ: ਬਟਾਲਾ ਦੇ ਮੁਰਗੀ ਮੁਹੱਲੇ 'ਚ ਵੱਖ-ਵੱਖ ਗਲੀਆਂ 'ਚ ਪ੍ਰਦੂਸ਼ਿਤ ਸੀਵਰੇਜ ਦਾ ਪਾਣੀ ਘਰਾਂ ਦੇ ਬਾਹਰ ਖੜ੍ਹਾ ਦੇਖਣ ਨੂੰ ਮਿਲ ਰਿਹਾ ਹੈ। ਜਿੰਨਾ ਹਲਾਤਾਂ 'ਚ ਰਹਿਣ ਨੂੰ ਸਥਾਨਕ ਵਾਸੀ ਮਜਬੂਰ ਹਨ। ਉਥੇ ਹੀ ਹੁਣ ਲੋਕਾਂ ਦਾ ਕਹਿਣਾ ਹੈ ਜਦ ਵੋਟਾਂ ਹੁੰਦੀਆਂ ਹਨ ਉਦੋਂ ਲੋਕ ਵਾਅਦਿਆਂ 'ਚ ਭਰਮਾਏ ਜਾਂਦੇ ਹਨ ਕਿ ਲੋਕਾਂ ਨੂੰ ਹਰ ਸੁਖ ਸਹੂਲਤ ਦਿੱਤੀ ਜਾਵੇਗੀ। ਪਰ ਇਹ ਹਲਾਤ ਬਿਆਨ ਕਰਦੇ ਹਨ ਕਿ ਉਹ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ ਅਤੇ ਨਗਰ ਨਿਗਮ ਲਾਪਰਵਾਹ ਹੈ।
ਲੋਕਾਂ ਦਾ ਕਹਿਣਾ ਆਈ ਕਿ ਕਈ ਵਾਰ ਨਗਰ ਨਿਗਮ ਬਟਾਲਾ ਦੇ ਦਫ਼ਤਰ 'ਚ ਇਸ ਬਾਬਤ ਸ਼ਿਕਾਇਤ ਵੀ ਕੀਤੀ ਗਈ, ਪਰ ਕੋਈ ਹੱਲ ਨਹੀਂ ਹੋਇਆ, ਉਲਟਾ ਨਗਰ ਨਿਗਮ ਵਿਭਾਗ ਵੱਲੋਂ ਉਨ੍ਹਾਂ ਦੀਆਂ ਗਲੀਆਂ ਅਤੇ ਸੀਵਰੇਜ ਦੇ ਪਾਈਪ ਪਾਉਣ ਦੇ ਨਾਂ 'ਤੇ ਉਨ੍ਹਾਂ ਕੋਲੋਂ ਜ਼ਬਰਦਸਤੀ ਦਬਾਅ ਬਣਾ ਕੇ 1400-1400 ਰੁਪਏ ਇਕੱਠੇ ਕੀਤੇ ਗਏ। ਗਲੀਆਂ 'ਚ ਜੋ ਸੀਵਰੇਜ ਦੇ ਪਾਈਪ ਪਾਏ ਗਏ, ਉਹ ਵੀ ਗਲਤ ਪਾ ਦਿੱਤੇ, ਜਿਸ ਨਾਲ ਉਨ੍ਹਾਂ ਲਈ ਇਹ ਮੁਸੀਬਤ ਬਣ ਗਈ ਹੈ।
ਇਹ ਵੀ ਪੜ੍ਹੋ : Bandi Singh Got Parole : ਕੌਮੀ ਇਨਸਾਫ਼ ਮੋਰਚਾ ਦੇ ਸੰਘਰਸ਼ ਨੂੰ ਪਿਆ ਬੂਰ, ਇਸ ਬੰਦ ਬੰਦੀ ਸਿੰਘ ਨੂੰ ਮਿਲੀ 2 ਮਹੀਨਿਆਂ ਦੀ ਪੈਰੋਲ
ਉਥੇ ਹੀ ਸਥਾਨਕ ਔਰਤਾਂ ਦਾ ਕਹਿਣਾ ਕਿ ਉਨ੍ਹਾਂ ਦੇ ਘਰਾਂ ਦੇ ਬਾਹਰ ਸੀਵਰੇਜ ਦਾ ਪਾਣੀ ਹਮੇਸ਼ਾ ਖੜ੍ਹਾ ਰਹਿੰਦਾ ਹੈ, ਜਿਸ ਨਾਲ ਜਿਥੇ ਉਨ੍ਹਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ। ਜਦ ਬਾਹਰ ਜਾਣਾ ਹੋਵੇ ਤਾਂ ਖੜ੍ਹੇ ਪਾਣੀ 'ਚੋਂ ਨਿਕਲ ਕੇ ਜਾਣਾ ਪੈਂਦਾ ਹੈ। ਇੱਥੋਂ ਤੱਕ ਕਿ ਇਸ ਗੰਦਗੀ ਨਾਲ ਬੀਮਾਰੀਆਂ ਵੀ ਫੈਲ ਰਹੀਆਂ ਹਨ। ਉਧਰ ਇਸ ਮਾਮਲੇ 'ਚ ਨਗਰ ਨਿਗਮ ਬਟਾਲਾ ਦੇ ਸੁਪਰਡੈਂਟ ਨਿਰਮਲ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਿਆਨ 'ਚ ਮਾਮਲਾ ਨਹੀਂ ਹੈ ਅਤੇ ਅੱਜ ਮੀਡੀਆ ਦੇ ਰਾਹੀਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਹੈ।
ਦੂਜੇ ਪਾਸੇ ਲੋਕਾਂ ਦੀਆਂ ਸਮੱਸਿਆਵਾਂ ਵਾਰੇ ਜਦੋਂ ਨਗਰ ਨਿਗਮ ਸੁਪਰੀਡੈਂਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦਾ ਜਲਦ ਹੀ ਹਲ ਹੋਵੇਗਾ। ਇਸ ਦਾ ਕੋਈ ਹੱਲ ਕੱਢਿਆ ਜਾਵੇਗਾ। ਉਥੇ ਹੀ ਲੋਕਾਂ ਕੋਲੋਂ ਜੋ ਪੈਸੇ ਇਕੱਠੇ ਕੀਤੇ ਗਏ ਹਨ, ਉਸ ਬਾਰੇ ਉਨ੍ਹਾਂ ਦੱਸਿਆ ਕਿ ਜਿਸ ਇਲਾਕੇ 'ਚ ਨਵਾਂ ਸੀਵਰੇਜ ਪਾਇਆ ਜਾ ਰਿਹਾ ਹੈ, ਉਸ ਵਿੱਚ ਸਰਕਾਰ ਦੇ ਆਦੇਸ਼ਾਂ 'ਤੇ ਸੀਵਰੇਜ ਵਿਭਾਗ ਉਸ ਦਾ ਖਰਚ ਪ੍ਰਤੀ ਘਰ 'ਚੋਂ ਫੀਸ ਵਜੋਂ ਇਕੱਠੀ ਕਰਦਾ ਹੈ ਅਤੇ ਉਸ ਦੀ ਤੈਅ ਫੀਸ 1400 ਰੁਪਏ ਹੈ।