ਗੁਰਦਾਸਪੁਰ: ਡੇਰਾ ਬਾਬਾ ਨਾਨਕ ਵਿਖੇ ਵੀਰਵਾਰ ਨੂੰ ਹੋਈ ਪੰਜਾਬ ਕੈਬਨਿਟ ਦੀ ਬੈਠਕ ‘ਚ ਸੂਬੇ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸੂਬਾ ਸਰਕਾਰ ਨੇ ਵਿੱਤ ਸਾਲ 2017-18 ਦੇ ਬਜਟ ‘ਚ ‘ਮੋਬਾਈਲ ਫੋਨ ਟੂ ਦ ਯੂਥ’ ਸਕੀਮ ਦਾ ਐਲਾਨ ਕੀਤਾ ਸੀ।
ਸਰਕਾਰ ਵੱਲੋਂ ਇਹ ਯੋਜਨਾ ਦਸੰਬਰ ਤੱਕ ਲਾਗੂ ਕਰ ਦਿੱਤੀ ਜਾਵੇਗੀ। ਇਹ ਫ਼ੈਸਲਾ ਡੇਰਾ ਬਾਬਾ ਨਾਨਕ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਿਨੇਟ ਦੀ ਬੈਠਕ ‘ਚ ਲਿਆ ਗਿਆ।
ਸਕੀਮ ਨੂੰ ਲਾਗੂ ਕਰਨ ਵਾਲੇ ਵੈਂਡਰਜ਼ ਦੀ ਚੋਣ ਪਾਰਦਰਸ਼ੀ ਬੋਲੀ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਟੈਂਡਰ ਦੇ ਦਸਤਾਵੇਜ਼ ਪੰਜਾਬ ਸੂਚਨਾ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਕੀਤੇ ਜਾਣਗੇ ਤੇ ਫੋਨ ਦਾ ਪਹਿਲਾ ਬੈਚ ਦਸੰਬਰ 2019 ‘ਚ ਵੰਡਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਹਿਲੇ ਪੜਾਅ ‘ਚ ਮੋਬਾਈਲ ਫੋਨ ਉਨ੍ਹਾਂ ਕੁੜੀਆਂ ਨੂੰ ਵੰਡੇ ਜਾਣਗੇ ਜੋ ਸਮਾਰਟ ਫੋਨ ਨਹੀਂ ਰੱਖਦੀਆਂ ਤੇ ਪੰਜਾਬ ਦੇ ਸਰਕਾਰੀ ਸਕੂਲਾਂ ‘ਚ 11ਵੀਂ ਤੇ 12ਵੀਂ ‘ਚ ਪੜ੍ਹਦੀਆਂ ਹਨ।