ਗੁਰਦਾਸਪੁਰ: ਪੰਜਾਬ ਵਿਧਾਨਸਭਾ ਚੋਣਾਂ (Punjab Assembly Elections) ਨੂੰ ਲੈ ਕੇ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਕਾਦੀਆਂ ਤੋਂ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਜੋ ਬੀਤੇ ਕੱਲ੍ਹ ਚੰਡੀਗੜ੍ਹ ’ਚ ਮੀਟਿੰਗ ਹੋਈ ਅਤੇ ਇਹ ਗੱਲ ਉੱਠੀ ਹੈ ਕਿ ਵਿਰੋਧੀ ਰਾਜਨੀਤਿਕ ਪਾਰਟੀ ਦੇ ਵੱਡੇ ਉਮੀਦਵਾਰਾਂ ਦੇ ਖਿਲਾਫ਼ ਕਾਂਗਰਸ ਪਾਰਟੀ ਆਪਣੇ ਵੱਡੇ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਉਹ ਵੀ ਇਸਦੇ ਹੱਕ ਵਿੱਚ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਬਾਕੀ ਆਖਰੀ ਫੈਸਲਾ ਪਾਰਟੀ ਹਾਈਕਮਾਂਡ ਨੇ ਲੈਣਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੋਣਾ ਤਾਂ ਜ਼ਰੂਰ ਚਾਹੀਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਸੁਨੀਲ ਜਾਖੜ ਜਾਂ ਰਵਨੀਤ ਬਿੱਟੂ ਅਤੇ ਬਿਕਰਮ ਮਜੀਠੀਆ ਦੇ ਖਿਲਾਫ਼ ਪ੍ਰਤਾਪ ਸਿੰਘ ਬਾਜਵਾ ਜੋ ਵੱਡੇ ਕੱਦ ਦੇ ਆਗੂ ਹਨ, ਉਨ੍ਹਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਵੇ। ਉਥੇ ਹੀ ਬਾਜਵਾ ਨੇ ਕਿਹਾ ਕਿ ਪਾਰਟੀ ਬਾਜਵਾ ਪਰਿਵਾਰ ਨੂੰ ਇਸ ਤਰ੍ਹਾਂ ਭੇਜੇ ਤਾਂ ਉਹ ਵਿਰੋਧੀਆਂ ਦਾ ਪੂਰਾ ਡੱਟ ਕੇ ਮੁਕਾਬਲਾ ਕਰਨਗੇ ਅਤੇ ਜਿੱਤ ਵੀ ਹਾਸਿਲ ਕਰਨਗੇ।
ਇਸ ਦੇ ਨਾਲ ਹੀ ਕਿਸਾਨਾਂ ਦੇ ਕਰਜ਼ੇ ਮੁਆਫ ਅਤੇ ਹੋਰ ਵਾਅਦਿਆਂ ਨੂੰ ਲੈਕੇ ਹੋਣ ਵਾਲੀ ਮੀਟਿੰਗ ਦੇ ਪੋਸਟਪੋਨ ਹੋਣ ਅਤੇ ਕਿਸਾਨਾਂ ਵੱਲੋਂ ਵਿਰੋਧ ਦੇ ਮਾਮਲੇ ’ਤੇ ਬਾਜਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਹੀ ਹੈ ਜਿਸ ਨੇ ਕਿਸਾਨਾਂ ਦੇ ਹੱਕ ’ਚ ਫੈਸਲੇ ਲਏ ਹਨ। ਉਨ੍ਹਾਂ ਜੋ ਮੰਗਾਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਵਿੱਚ ਕੁਝ ਅਜਿਹੀਆਂ ਮੰਗਾਂ ਹਨ ਜੋ ਇਕੱਲਿਆਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਇਸ ਲਈ ਕੇਂਦਰ ਸਰਕਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Punjab Assembly Elections 2022: ਕੈਪਟਨ ਨਾਲ ਮਿਲ ਕੇ ਬੀਜੇਪੀ ਲੜੇਗੀ ਚੋਣ- ਗਜੇਂਦਰ ਸ਼ੇਖਾਵਤ