ਗੁਰਦਾਸਪੁਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਲਈ ਡੇਰਾ ਬਾਬਾ ਨਾਨਕ ਪਹੁੰਚਣਗੇ।
ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਅੱਜ ਕਰਤਾਰਪੁਰ ਲਾਂਘੇ ਦੀ ਇੰਟੈਗਰੇਟਿਡ ਚੈੱਕ ਪੋਸਟ ਦਾ ਉਦਘਾਟਨ ਕਰਨਗੇ, ਜੋ ਭਾਰਤੀ ਪੰਜਾਬ ਵਿਚਾਲੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜੇਗਾ। ਉੱਥੇ ਹੀ, ਪਾਕਿਸਤਾਨ ਵਾਲੇ ਪਾਸੇ ਵੀ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਸੰਬੰਧੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਲਾਂਘੇ ਦਾ ਉਦਘਾਟਨ ਕਰਨਗੇ। ਇਹ ਲਾਂਘਾ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਦਾ ਹੈ ਜਿਸ ਦੀ ਦੂਰੀ ਮਹਿਜ਼ 4.5 ਕਿੱਲੋਮੀਟਰ ਹੈ।
ਸਮਾਗਮ ਤੋਂ ਪਹਿਲਾਂ ਮੋਦੀ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਡੇਰਾ ਬਾਬਾ ਨਾਨਕ ਵਿੱਚ ਕਰਵਾਏ ਜਾਣ ਵਾਲੇ ਜਨਤਕ ਸਮਾਗਮ ਵਿੱਚ ਵੀ ਹਿੱਸਾ ਲੈਣਗੇ।
ਸਾਬਕਾ ਪ੍ਰਧਾਨ ਡਾ. ਮੰਤਰੀ ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 550- ਜੱਥਿਆਂ ਵਿੱਚ ਸ਼ਾਮਲ ਹੋਣਗੇ। ਜੋ ਵੀਜ਼ਾ ਮੁਕਤ ਟ੍ਰਾਂਸ-ਬਾਰਡਰ ਰਸਤੇ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਣਗੇ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 1539 ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਆਪਣੇ ਅੰਤਮ ਸਾਲ ਗੁਜ਼ਾਰੇ ਸਨ।
ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਨੀਵਾਰ ਨੂੰ ਦੋਵਾਂ ਦੇਸ਼ਾਂ ਦਰਮਿਆਨ ਤਕਰਾਰ ਵਾਲੇ ਸੰਬੰਧਾਂ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਵੱਲੋਂ ਖੁੱਲਣ ਜਾ ਰਹੇ ਕਰਤਾਰਪੁਰ ਲਾਂਘੇ ਰਾਹੀਂ ਭਾਰਤੀ ਯਾਤਰੀਆਂ ਦੇ ਪਹਿਲੇ ਜੱਥੇ ਦੀ ਅਗਵਾਈ ਕਰਨਗੇ। ਇਸ ਦੀ ਪੁਸ਼ਟੀ ਕਰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, “ਐਨ.ਡੀ.ਏ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਰਤਾਰਪੁਰ ਲਾਂਘਾ ਰਾਹੀਂ 9 ਨਵੰਬਰ ਨੂੰ ਪਾਕਿਸਤਾਨ ਆਉਣ ਵਾਲੇ ਪਹਿਲੇ ਭਾਰਤੀ ਵਫ਼ਦ ਦਾ ਆਗੂ ਐਲਾਨਦਿਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਹੈ। ਇਸ ਫ਼ੈਸਲੇ ਦਾ ਵਿਸ਼ਵਵਿਆਪੀ ਸਿਖਾਂ ਨੇ ਸਵਾਗਤ ਕੀਤਾ ਹੈ।”
9 ਨਵੰਬਰ ਨੂੰ ਤਿੰਨ ਜ਼ਿਲ੍ਹਿਆਂ ਵਿੱਚ ਛੁੱਟੀ ਦਾ ਐਲਾਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਨਿੱਚਰਵਾਰ ਨੂੰ ਕਰਤਾਰਪੁਰ ਲਾਂਘਾ ਖੁੱਲਣ ਜਾ ਰਿਹਾ ਹੈ ਜਿਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ 9 ਨਵੰਬਰ ਨੂੰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇੰਨ੍ਹਾਂ ਤਿੰਨ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ, ਕਪੂਰਥਲਾ ਅਤੇ ਅੰਮ੍ਰਿਤਸਰ ਸ਼ਾਮਲ ਹਨ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਬੁਲਾਰੇ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ 9 ਨਵੰਬਰ ਗੁਰਦਾਸਪੁਰ, ਕਪੂਰਥਲਾ ਅਤੇ ਅੰਮ੍ਰਿਤਸਰ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਹੋਵੇਗੀ।