ਬਟਾਲਾ: ਇਲਾਕੇ ਦੇ ਪਿੰਡ ਢੁਪਾਈ ਦੇ ਨੌਜਵਾਨ ਨਵਦੀਪ ਸਿੰਘ ਦੀ ਹਿਰਾਸਤੀ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਭਾਂਵੇ ਇਸ ਮਾਮਲੇ ਵਿੱਚ ਮਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਪਰ ਮ੍ਰਿਤਕ ਦੇ ਪਰਿਵਾਰ ਵਾਲੇ ਮ੍ਰਿਤਕ ਦੀ ਲਾਸ਼ ਸੜਕ ਉੱਤੇ ਰੱਖ ਬਟਾਲਾ ਪੁਲਿਸ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਅਤੇ ਉਨ੍ਹਾਂ ਦੇ ਪਿੰਡ ਦੇ ਇੱਕ ਡਾਕਟਰ ਨੇ ਪੁਲਿਸ ਹਿਰਾਸਤ ਵਿੱਚ ਨਵਦੀਪ ਸਿੰਘ ਨੂੰ ਜ਼ਹਿਰੀਲੇ ਟੀਕੇ ਲਾਏ ਹਨ ਜਿਸ ਨਾਲ ਉਸ ਦੀ ਮੌਤ ਹੋਈ ਹੈ।
ਇਸ ਤਹਿਤ ਪਰਿਵਾਰ ਵਾਲਿਆਂ ਨੇ ਨਵਦੀਪ ਦੀ ਲਾਸ਼ ਨੂੰ ਸੜਕ ਉੱਤੇ ਰੱਖ ਕੇ ਬਟਾਲਾ ਪੁਲਿਸ ਦੇ ਇੱਕ ਅਧਿਕਾਰੀ ਅਤੇ ਡਾਕਟਰ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਟਾਇਮ ਉਨ੍ਹਾਂ 'ਤੇ ਕਤਲ ਦਾ ਮਾਮਲਾ ਦਰਜ ਨਹੀਂ ਹੁੰਦਾ ਉਦੋਂ ਤੱਕ ਉਹ ਧਰਨਾ ਨਹੀਂ ਚੁੱਕਣਗੇ।
ਦੂਜੇ ਪਾਸੇ ਜ਼ਿਲ੍ਹਾ ਬਟਾਲਾ ਦੇ ਆਲਾ ਅਧਿਕਾਰੀ ਪਰਿਵਾਰ ਦੇ ਦੋਸ਼ਾਂ ਨੂੰ ਗ਼ਲਤ ਠਹਿਰਾ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਵਦੀਪ ਦੀ ਮੌਤ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪਰਿਵਾਰ ਨੂੰ ਅਪੀਲ ਕਰ ਰਹੇ ਹਨ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇ ਜਿਸ ਨਾਲ ਇਹ ਸਾਫ਼ ਹੋ ਜਾਵੇਗਾ ਕਿ ਉਸ ਦੀ ਮੌਤ ਦਾ ਕੀ ਕਾਰਨ ਸੀ।