ਗੁਰਦਾਸਪੁਰ: ਭਾਰਤ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਪਾਕਿਸਤਾਨ ਦਾ ਪਾਣੀ ਬੰਦ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਨੇ ਕਸਬਾ ਦੀਨਾਨਗਰ ਅਧੀਨ ਪੈਂਦੇ ਰਾਵੀ ਦਰਿਆ 'ਤੇ ਮਕੋੜਾ ਪੱਤਣ ਦਾ ਜਾਇਜ਼ਾ ਲਿਆ।
ਇਸ ਮੌਕੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨੇ ਕਿਹਾ ਕਿ ਇਸ ਰਾਵੀ ਦਰਿਆ 'ਤੇ ਡੈਮ ਬਣਾ ਕੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਿਆ ਜਾਵੇਗਾ। ਇਸ ਮਕੋੜਾ ਪੱਤਣ 'ਤੇ ਰਾਵੀ ਅਤੇ ਉੱਜ ਦਰਿਆ ਦਾ ਮੇਲ ਹੁੰਦਾ ਹੈ ਇਸ ਲਈ ਇੱਥੇ ਡੈਮ ਬਣਾ ਕੇ ਦੋਹਾਂ ਦਰਿਆਵਾਂ ਦਾ ਪਾਣੀ ਪਾਕਿਸਤਾਨ ਲਈ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇੱਕ ਪ੍ਰਪੋਜ਼ਲ ਬਣਾ ਕੇ ਜਲਦੀ ਹੀ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ। ਉਹ ਨਿਤੀਨ ਗਟਕਰੀ ਨੂੰ ਮਿਲ ਕੇ ਆਪਣਾ ਪ੍ਰਪੋਜ਼ਲ ਦੇਣਗੇ। ਇਸ ਡੈਮ ਨੂੰ ਬਣਾਉਣ ਲਈ 400 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਡੈਮ ਬਣਨ ਨਾਲ ਪੰਜਾਬ ਦੇ ਕਿਸਾਨਾਂ ਨੂੰ ਫ਼ਾਇਦਾ ਮਿਲੇਗਾ।
ਸਰਕਾਰੀਆ ਨੇ ਕਿਹਾ ਕਿ ਜਿੱਥੇ ਕਿਸਾਨਾਂ ਨੂੰ ਪਹਿਲਾਂ ਖੇਤੀ ਕਰਨ ਲਈ 6 ਮਹੀਨੇ ਪਾਣੀ ਮਿਲਦਾ ਸੀ ਹੁਣ 12 ਮਹੀਨੇ ਪਾਣੀ ਮਿਲੇਗਾ। ਇਸ ਦੇ ਨਾਲ ਗੁਰਦਾਸਪੁਰ ਦੇ 6 ਸ਼ਹਿਰਾਂ ਅਤੇ ਲਗਭਗ 100 ਪਿੰਡਾਂ ਨੂੰ ਫ਼ਾਇਦਾ ਮਿਲੇਗਾ।
ਕੈਬਿਨੇਟ ਮੰਤਰੀ ਅਰੁਣਾ ਚੋਧਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਨਿਤੀਨ ਗਟਕਰੀ ਨੇ ਬਿਆਨ ਦਿੱਤਾ ਸੀ ਕਿ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਿਆ ਜਾਵੇਗਾ ਇਸ ਲਈ ਸਾਡਾ ਪ੍ਰਪੋਜ਼ਲ ਤਾਂ ਪਹਿਲਾਂ ਤੋਂ ਹੀ ਤਿਆਰ ਸੀ। ਹੁਣ ਇਸ ਮਕੋੜਾ ਪੱਤਣ 'ਤੇ ਡੈਮ ਬਣਾ ਕੇ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਰੋਕਿਆ ਜਾਵੇਗਾ।
