ਗੁਰਦਾਸਪੁਰ: ਵਿਧਾਨ ਸਭਾ ਖੇਤਰ ਡੇਰਾ ਬਾਬਾ ਨਾਨਕ 'ਚ ਚੱਲ ਰਹੇ ਕਰਤਾਰਪੁਰ ਲਾਂਘੇ ਦੇ ਕੰਮ ਦਾ ਜਾਇਜ਼ਾ ਲੈਣ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਪੁੱਜੇ। ਇਸ ਦੌਰਾਨ ਉਨ੍ਹਾਂ ਨਾਲ ਸਰਬਤ ਦਾ ਭਲਾ ਸੰਸਥਾ ਦੇ ਚੇਅਰਮੈਨ ਐੱਸਪੀਐੱਸ ਓਬਰਾਏ ਮੌਜੂਦ ਸਨ। ਲਾਂਘੇ ਦੀ ਉਸਾਰੀ ਦਾ ਜਾਇਜ਼ਾ ਲੈਂਦਿਆਂ ਮੰਤਰੀ ਰੰਧਾਵਾ ਨੇ ਲਾਂਘੇ ਦੀ ਉਸਾਰੀ ਦੇ ਕੰਮ ਨੂੰ ਰੋਕੇ ਜਾਣ ਸਬੰਧੀ ਲਾਈ ਜਾ ਰਹੀਆਂ ਸਾਰੀਆਂ ਅਟਕਲਾਂ ਨੂੰ ਸਿਰੇ ਤੋਂ ਖ਼ਾਰਿਜ ਕੀਤਾ।
ਕੈਬਿਨੇਟ ਮੰਤਰੀ ਨੇ ਕਿਹਾ ਕਿ ਉਸਾਰੀ ਦਾ ਕੰਮ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ ਜਿਸ ਨੂੰ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇਗਾ। ਰੰਧਾਵਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਦਿੱਲੀ ਹੋ ਕੇ ਆਏ ਹਨ ਤੇ ਉੱਥੇ ਕੰਮ ਲਈ ਲੇਬਰ ਨੂੰ ਦੁੱਗਣਾ ਕੀਤੇ ਜਾਣ ਤੇ ਉਸਾਰੀ ਲਈ ਚਲਾਈ ਜਾਣ ਵਾਲੀਆਂ ਸ਼ਿਫਟਾਂ ਨੂੰ ਦੋ ਤੋਂ ਵਧਾ ਕੇ ਤਿੰਨ ਕੀਤੇ ਜਾਣ ਦੀ ਦਰਖ਼ਾਸਤ ਕਰਕੇ ਆਏ ਹਨ।
ਉੱਥੇ ਹੀ ਐੱਸਪੀ ਐੱਸ ਓਬਰਾਏ ਨੂੰ ਮੀਡੀਆ ਨਾਲ ਮੁਖ਼ਾਤਿਬ ਹੁੰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਡੇਰਾ ਬਾਬਾ ਨਾਨਕ 'ਚ ਆਉਣ ਵਾਲੀ ਸੰਗਤ ਦੇ ਪੀਣ ਵਾਲੇ ਪਾਣੀ ਤੇ ਬਾਕੀ ਸਿਹਤ ਸਹੂਲਤਾਂ ਨੂੰ ਲੈ ਕੇ 5 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ।