ਗੁਰਦਾਸਪੁਰ : ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਪਿਛਲੇ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਕਾਰਵਾਈ ਨੂੰ ਲੈ ਕੇ ਵੱਖ ਵੱਖ ਜਥਬੰਦੀਆਂ ਵਲੋਂ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਦੇ ਖ਼ਿਲਾਫ ਪੱਕਾ ਮੋਰਚਾ ਲਾਇਆ ਹੋਇਆ ਹੈ। ਇਸ ਮੋਰਚੇ ਵਿਚ ਸ਼ਾਮਿਲ ਹੋਣ ਲਈ 'ਸਾਡਾ ਪੰਜਾਬ ਫੈਡਰੇਸ਼ਨ' ਦੇ ਵੱਲੋਂ ਇਕ ਵੱਡਾ ਕਾਫਲਾ 29 ਜਨਵਰੀ ਨੂੰ ਚੰਡੀਗੜ੍ਹ ਵਿਖੇ ਚੱਲ ਰਹੇ ਮੋਰਚੇ ਲਈ ਤੋਰਿਆ ਜਾਵੇਗਾ ਜਿਸ ਲਈ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ।
ਇਸ ਮੌਕੇ ਉਤੇ ਜਾਣਕਾਰੀ ਦਿੰਦਿਆਂ ਦਮਦਮੀ ਟਕਸਾਲ ਤਲਵੰਡੀ ਬਖਤਾ ਦੇ ਮੁਖੀ ਭਾਈ ਲਹਿਣਾ ਸਿੰਘ ਅਤੇ 'ਸਾਡਾ ਪੰਜਾਬ ਫੈਡਰੇਸ਼ਨ' ਦੇ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੇ ਜ਼ੁਲਮ ਦੇ ਖਾਤਮੇ ਲਈ ਹਥਿਆਰ ਚੁੱਕੇ ਸਨ। ਸਿੱਖ ਕੌਮ ਨੂੰ ਬਰਬਾਦ ਕਰਨ ਵਾਲਿਆਂ ਦਾ ਸੋਧਾ ਲਾਇਆ ਸੀ ਅਤੇ ਹੁਣ ਉਹ ਸਿੰਘ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ ਪਰ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਜਾਣ-ਬੁੱਝ ਕੇ ਰਿਹਾਅ ਨਹੀਂ ਕੀਤਾ ਜਾ ਰਿਹਾ, ਜਦਕਿ ਇਸ ਦੇਸ਼ ਵਿਚ ਬਲਾਤਕਾਰੀਆਂ ਨੂੰ ਪੈਰੋਲ ਉਤੇ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਵੀਂ ਖੇਡ ਨੀਤੀ ਨੂੰ ਅਮਲ 'ਚ ਲਿਆ ਕੇ ਸੀਐੱਮ ਦੇ ਸੁਪਨੇ ਨੂੰ ਕਰਾਂਗੇ ਸਾਕਾਰ, ਮੰਤਰੀ ਮੀਤ ਹੇਅਰ ਨੇ ਕੀਤਾ ਦਾਅਵਾ
ਰਜੀਵ ਗਾਂਧੀ ਦੀ ਹੱਤਿਆ ਕਰਨ ਵਾਲੇ ਕਾਤਲ ਬਾਹਰ ਘੁੰਮ ਰਹੇ ਹਨ ਪਰ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਦੇ ਨਾਲ ਕੇਂਦਰ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ, ਇਸ ਲਈ ਆਪਣੇ ਹੱਕ ਲੈਣ ਲਈ ਇਹ ਮੋਰਚਾ ਚੰਡੀਗੜ੍ਹ ਵਿਖੇ ਲਗਾਇਆ ਗਿਆ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਗੁਰਦਾਸਪੁਰ ਤੋਂ ਇੱਕ ਵੱਡਾ ਜਥਾ 29 ਜਨਵਰੀ ਨੂੰ ਰਵਾਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਵੱਧ ਚੜ੍ਹ ਕੇ ਲੋਕ ਇਸ ਸੰਘਰਸ਼ ਦਾ ਹਿੱਸਾ ਬਣਨ ਤਾਂ ਜੋ ਸਜ਼ਾਵਾਂ ਭੁਗਤ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕੇ। ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਉੱਪਰ ਹੋਏ ਹਮਲੇ ਦੀ ਵੀ ਨਿਖੇਧੀ ਕਰਦੇ ਹੋਏ ਕਿਹਾ ਕਿ ਹਮਲਾ ਕਰਨਾ ਗਲਤ ਹੈ ਪਰ ਐਸਜੀਪੀਸੀ ਨੂੰ ਵੀ ਆਪਣੇ ਫਰਜ਼ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਫ਼ਰਜ਼ਾਂ ਤੋਂ ਭੱਜ ਚੁੱਕੇ ਹਨ ਜਿਸ ਕਰਕੇ ਸੰਗਤ ਰੋਹ ਵਿੱਚ ਆ ਕੇ ਇਹ ਹਮਲਾ ਕੀਤਾ ਹੈ