ਗੁਰਦਾਸਪੁਰ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਪਿਛਲੇ ਸਾਲ 14 ਫ਼ਰਵਰੀ ਨੂੰ ਸੀਆਰਪੀਐਫ਼ ਜਵਾਨਾਂ 'ਤੇ ਹੋਏ ਆਤਮਘਾਤੀ ਹਮਲੇ ਦੌਰਾਨ ਦੇਸ਼ ਦੇ 42 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿਚੋਂ ਇੱਕ ਜਵਾਨ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦਾ ਮਨਿੰਦਰ ਸਿੰਘ ਸੀ ਜਿਸ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ ਅਤੇ ਸਿਰ ਤੋਂ ਮਾਂ ਦਾ ਸਾਇਆ ਵੀ ਉਠ ਚੁੱਕਿਆ ਸੀ। ਉਸ ਦੇ ਬਜ਼ੁਰਗ ਪਿਤਾ ਦੇ ਦਿਲ ਵਿੱਚ ਦੇਸ਼ ਲਈ ਇੰਨਾ ਪਿਆਰ ਸੀ ਕਿ ਉਸ ਨੇ ਆਪਣੇ ਦੋਵੇਂ ਪੁੱਤਰ ਸੀਆਰਪੀਐਫ਼ ਵਿੱਚ ਭਰਤੀ ਕਰਵਾ ਦਿੱਤੇ ਅਤੇ ਪੁਲਵਾਮਾ ਹਮਲੇ ਵਿੱਚ ਮਨਿੰਦਰ ਸਿੰਘ ਦੇਸ਼ ਲਈ ਕੁਰਬਾਨ ਹੋ ਗਿਆ।
ਪੁੱਤਰ ਦੀ ਸ਼ਹਾਦਤ ਤੋਂ ਬਾਅਦ ਉਸ ਦੇ ਪਿਤਾ ਸਤਪਾਲ ਸਿੰਘ ਦੀ ਵੀ ਤਬੀਅਤ ਵਿਗੜ ਗਈ ਜਿਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਦੂਜੇ ਪੁੱਤਰ ਲਖਵੀਸ ਸਿੰਘ ਨੂੰ ਪੰਜਾਬ ਵਿੱਚ ਕੋਈ ਸਿਵਲ ਦੀ ਨੌਕਰੀ ਦਿੱਤੀ ਜਾਵੇ ਤਾਂ ਕਿ ਪੁੱਤਰ ਉਨ੍ਹਾਂ ਦੀ ਦੇਖ ਰੇਖ ਕਰ ਸਕੇ। ਪਿਤਾ ਸਤਪਾਲ ਨੇ ਦੱਸਿਆ ਕਿ ਉਸ ਸਮੇਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕਰਦਿਆਂ ਕਿਹਾ ਸੀ ਕਿ ਉਸ ਦੇ ਦੂਜੇ ਬੇਟੇ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦਿੱਤੀ ਜਾਵੇਗੀ ਅਤੇ ਪੰਜਾਬ ਵਿੱਚ ਦੂਜੀ ਨੌਕਰੀ ਦੀ ਆਸ ਵਿੱਚ ਅਤੇ ਆਪਣੇ ਬੀਮਾਰ ਪਿਤਾ ਦਾ ਸਹਾਰਾ ਬਣਨ ਲਈ ਸ਼ਹੀਦ ਮਨਿੰਦਰ ਸਿੰਘ ਦੇ ਭਰਾ ਲਖਵੀਸ ਸਿੰਘ ਨੇ ਆਪਣੀ ਸੀਆਰਪੀਐਫ਼ ਦੀ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਤਪਾਲ ਸਿੰਘ ਅਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਸ਼ਹਾਦਤ ਨੂੰ ਇਕ ਸਾਲ ਪੁਰਾ ਹੋਣ ਨੂੰ ਹੈ। ਉਨ੍ਹਾਂ ਕਿਹਾ ਕਿ ਜਦੋਂ ਬੇਟੇ ਮਨਿੰਦਰ ਸਿੰਘ ਦੀ ਸ਼ਹਾਦਤ ਹੋਈ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋਏ ਵਾਅਦੇ ਕੀਤੇ ਸਨ ਜਿਨ੍ਹਾਂ ਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਉਹ ਦੋਵੇਂ ਪਿਉ-ਪੁੱਤਰ ਦਫ਼ਤਰਾਂ ਦੇ ਚੱਕਰ ਲਗਾ ਰਹੇ ਹ, ਪਰ ਕੁੱਜ ਵੀ ਸਕਰਾਤਮਕ ਜਵਾਬ ਨਹੀਂ ਆ ਰਿਹਾ।
ਸਤਪਾਲ ਤੇ ਲਖਵੀਸ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮਨਿੰਦਰ ਸਿੰਘ ਦੀ ਸ਼ਹੀਦੀ ਨੂੰ ਸਾਲ ਪੂਰਾ ਹੋਣ ਵਾਲਾ ਹੈ, ਇਸ ਲਈ ਉਨ੍ਹਾਂ ਦੇ ਬੇਟੇ ਨੂੰ ਪੰਜਾਬ ਵਿੱਚ ਸਿਵਲ ਦੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਬਾਪ ਦੀ ਦੇਖਭਾਲ ਕਰ ਸਕੇ, ਕਿਉਂਕਿ ਹੁਣ ਉਨ੍ਹਾਂ ਦੇ ਪਰਿਵਾਰ ਵਿੱਚ ਸਿਰਫ਼ ਉਹ ਦੋ ਬਚੇ ਹਨ।
ਇਹ ਵੀ ਪੜ੍ਹੋ: ਦਿੱਲੀ ਚੋਣਾਂ 2020: ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ, ਸਾਰੀ ਪਾਰਟੀਆਂ ਨੇ ਲਾਇਆ ਜ਼ੋਰ