ਗੁਰਦਾਸਪੁਰ: ਨਗਰ ਨਿਗਮ, ਕੌਂਸਲ ਤੇ ਪੰਚਾਇਤਾਂ ਦੀਆਂ 14 ਫ਼ਰਵਰੀ ਨੂੰ ਹੋਈਆਂ ਚੋਣਾਂ ਦੇ ਬੁੱਧਵਾਰ ਨੂੰ ਨਤੀਜੇ ਐਲਾਨੇ ਗਏ ਹਨ। ਗੁਰਦਾਸਪੁਰ ਵਿੱਚ 29 ਵਾਰਡਾਂ 'ਤੇ ਚੋਣ ਹੋਈ ਅਤੇ 29 ਵਾਰਡਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਹੈ। ਦੂਜੀਆਂ ਰਾਜਨੀਤਕ ਪਾਰਟੀਆਂ ਦਾ ਗੁਰਦਾਸਪੁਰ ਵਿੱਚ ਖਾਤਾ ਤੱਕ ਨਹੀਂ ਖੁਲ੍ਹਿਆ, ਜਿਸ ਤੋਂ ਬਾਅਦ ਬੌਖਲਾਹਟ ਵਿੱਚ ਆ ਕੇ ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਕਾਂਗਰਸ 'ਤੇ ਹੇਰਾ ਫੇਰੀ ਕਰਨ ਦੇ ਦੋਸ਼ ਵੀ ਲਗਾਏ ਹਨ।
ਹਾਲਾਂਕਿ, ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆ ਕਿਹਾ ਕਿ ਲੋਕਾਂ ਨੇ ਹਲਕੇ ਵਿੱਚ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਵੋਟ ਪਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਉਹ ਖੁਸ਼ ਹਨ ਕਿ ਲੋਕਾਂ ਨੇ ਗੁਰਦਾਸਪੁਰ ਵਿੱਚ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ 29 ਦੇ 29 ਉਮੀਦਵਾਰ ਜਿਤਾਏ ਹਨ, ਜਦਕਿ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਖਾਤਾ ਤੱਕ ਨਹੀਂ ਖੁਲ੍ਹਿਆ।
ਉਨ੍ਹਾਂ ਨੇ ਕਿਹਾ ਕਿ ਇਸ ਜਿੱਤ ਤੋਂ ਸਾਫ ਹੋ ਚੁੱਕਾ ਹੈ ਲੋਕ ਭਾਜਪਾ ਅਤੇ ਅਕਾਲੀ ਦਲ ਨੂੰ ਨਕਾਰ ਚੁਕੇ ਹਨ। ਇਸ ਲਈ ਦੋਨਾਂ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਆਪਣੀ ਹਾਰ ਤੋਂ ਬੁਖਲਾਏ ਹੋਏ ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰ ਉਨ੍ਹਾਂ ਉੱਤੇ ਝੂਠੇ ਦੋਸ਼ ਲਗਾ ਰਹੇ ਹਨ। ਚੋਣਾਂ ਦੌਰਾਨ ਕੋਈ ਹੇਰਾ ਫੇਰੀ ਨਹੀਂ ਹੋਈ, ਪਾਰਦਰਸ਼ੀ ਢੰਗ ਨਾਲ ਚੋਣਾਂ ਹੋਈਆਂ ਹਨ।
ਦੂਜੇ ਪਾਸੇ ਹਾਰਨ ਤੋਂ ਬਾਅਦ ਵਾਰਡ ਨੰਬਰ 12 ਤੋਂ ਅਕਾਲੀ ਦਲ ਦੀ ਉਮੀਦਵਾਰ ਸਾਹਿਬ ਕੌਰ ਅਤੇ ਭਾਜਪਾ ਦੀ ਉਮੀਦਵਾਰ ਕਿਰਨ ਕੌਰ ਨੇ ਕਾਂਗਰਸ 'ਤੇ ਦੋਸ਼ ਲਗਾਏ ਹਨ ਕਿ ਕਾਂਗਰਸ ਪਾਰਟੀ ਨੇ ਇਸ ਚੋਣਾਂ ਵਿਚ ਵੱਡੇ ਪੱਧਰ 'ਤੇ ਹੇਰਾ ਫੇਰੀ ਕੀਤੀ ਹੈ ਜਿਸ ਕਰਕੇ ਉਨ੍ਹਾਂ ਦੀ ਹਾਰ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਵੀ ਧਮਕਾਇਆ ਜਾਂਦਾ ਰਿਹਾ ਹੈ।