ਗੁਰਦਾਸਪੁਰ: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਐਲਾਨ ਕੀਤਾ ਗਿਆ ਹੈ ਕਿ 29 ਮਈ ਨੂੰ ਕੈਬਿਨੇਟ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕਾਦੀਆ ਸਥਿਤ ਰਿਹਾਇਸ਼ ਦੇ ਬਾਹਰ ਦਿਨ ਰਾਤ 24 ਘੰਟੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਕਿ ਇਸ ਮੌਕੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਵੀ ਕੀਤੀ ਜਾਵੇਗੀ। ਉਥੇ ਹੀ ਇਸ ਧਰਨੇ ਦੀ ਤਿਆਰੀ ਲਈ ਜ਼ਿਲ੍ਹਾ/ਬ੍ਰਾਂਚ ਕਮੇਟੀ ਗੁਰਦਾਸਪੁਰ ਵਲੋਂ ਮੀਟਿੰਗ ਕੀਤੀ ਗਈ। ਜਿਸ 'ਚ ਵਰਕਰਾਂ ਵਲੋਂ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਉਕਤ ਧਰਨੇ ’ਚ ਪੁੱਜਣ ਦੀ ਵਿਉਂਤ ਉਲੀਕੀ ਗਈ।
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦਾ ਕਹਿਣਾ ਕਿ ਜਲ ਸਪਲਾਈ ਵਿਭਾਗ ’ਚ ਵੱਖ-ਵੱਖ ਕੈਟਾਗਿਰੀਆਂ ਇਨਲਿਸਟਮੈਂਟ, ਕੰਪਨੀਆਂ, ਸੁਸਾਇਟੀਆਂ, ਵੱਖ-ਵੱਖ ਠੇਕਾ ਪ੍ਰਣਾਲੀ ਅਧੀਨ ਬਤੌਰ ਪੰਪ ਉਪਰੇਟਰ, ਮਾਲੀ, ਚੌਕੀਦਾਰ, ਫਿਟਰ, ਹੈਲਪਰ, ਪੈਟਰੋਮੈਨ, ਡਰਾਇਵਰ, ਸੇਵਾਦਾਰ ਅਤੇ ਦਫਤਰਾਂ ’ਚ ਕੰਪਿਊਟਰ ਉਪਰੇਟਰ, ਆਦਿ ਵੱਖ-ਵੱਖ ਰੈਗੂਲਰ ਪੋਸਟਾਂ ’ਤੇ ਨਿਗੁਣੀਆਂ ਤਨਖਾਹਾਂ ’ਤੇ ਪਿਛਲੇ ਕਈ ਸਾਲਾਂ ਤੋਂ ਕੰਟਰੈਕਟ ਵਰਕਰ ਸੇਵਾਵਾਂ ਦੇ ਰਹੇ ਹਨ।
ਇਨ੍ਹਾਂ ਨੂੰ ਬੇਰੁਜ਼ਗਾਰ ਕਰਨ ਅਤੇ ਜਲ ਸਪਲਾਈ ਵਿਭਾਗ ਨੂੰ ਖਤਮ ਕਰਨ ਅਤੇ ਵਿਭਾਗ ਦਾ ਨਿੱਜੀਕਰਨ ਕਰਨ ਦੀਆਂ ਮਾਰੂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਉਨ੍ਹਾਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ 29 ਮਈ ਨੂੰ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਅੱਗੇ ਧਰਨੇ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਹਰ ਮੁਲਾਜ਼ਮ ਦੇ ਘਰ-ਘਰ ਜਾ ਕੇ ਅਪੀਲ ਕਰ ਰਹੇ ਹਨ ਕਿ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਸ ਧਰਨੇ 'ਚ ਹਿੱਸਾ ਲੈਣ।
ਇਹ ਵੀ ਪੜ੍ਹੋ:ਸਾਂਪਲਾ ਨੇ ਰਾਮ ਰਹੀਮ ਲਈ ਅਰਦਾਸ ਕਰਨ ਵਾਲੇ ਦੇ ਮੁੱਦੇ ਨੂੰ ਦਲਿਤਾਂ ਨਾਲ ਜੋੜਿਆ !