ਬਟਾਲਾ: ਸ਼ਹਿਰ ਦੇ ਹੰਸਲੀ ਨਾਲੇ ਵਿੱਚ ਇੱਕ ਕਾਰੋਬਾਰੀ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਨਾਲੇ ਵਿੱਚ ਲਾਸ਼ ਦੇ ਹੋਣ ਦੀ ਸੂਚਨਾ ਰਾਹਗੀਰਾਂ ਨੇ ਪੁਲਿਸ ਨੂੰ ਦਿੱਤੀ। ਮੌਕੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮ੍ਰਿਤਕ ਦਾ ਨਾਂਅ ਦੇਵਰਾਜ ਸਾਨਨ ਹੈ ਤੇ ਉਹ ਪਿਛਲੇ 3 ਦਿਨਾਂ ਤੋਂ ਲਾਪਤਾ ਸੀ। ਉਨ੍ਹਾਂ ਕਿਹਾ ਕਿ ਦੇਵਰਾਜ ਘਰੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਜਾਣ ਬਾਰੇ ਕਹਿ ਕੇ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਹੀ ਨਹੀਂ ਆਏ। ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਦੇਸਰਾਜ ਸਾਨਨ ਦਿਮਾਗ਼ੀ ਤੌਰ 'ਤੇ ਵੀ ਬੀਮਾਰ ਸੀ ਅਤੇ ਉਨ੍ਹਾਂ ਦਾ ਇਲਾਜ ਅਮ੍ਰਿਤਸਰ ਦੇ ਹਸਪਤਾਲ ਵਿੱਚ ਚੱਲ ਰਿਹਾ ਸੀ।
ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਕਿਹਾ ਕਿ ਲਾਸ਼ ਦੀ ਸੂਚਨਾ ਮਿਲਣ ਮਗਰੋਂ ਉਨ੍ਹਾਂ ਨੇ ਲਾਪਤਾ ਦੀ ਰਿਪੋਰਟ ਦਰਜ ਕਰਵਾਉਣ ਵਾਲਿਆਂ ਨਾਲ ਸਪੰਰਕ ਕੀਤਾ ਤੇ ਉਨ੍ਹਾਂ ਨੇ ਲਾਸ਼ ਦੀ ਸ਼ਨਾਖਤ ਕੀਤੀ ਜਿਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਇਹ ਲਾਸ਼ ਦੇਵਰਾਜ ਦੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਕ ਦੇਵਰਾਜ ਮਾਨਸਿਕ ਤਣਾਅ ਵਿੱਚ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਫ਼ਾਜ਼ਿਲਕਾ: ਪਿੰਡ ਚੱਕ ਬਲੋਚਾ ਮਾਹਲਮ 'ਚ ਪੁਲਿਸ ਦੀ ਛਾਪੇਮਾਰੀ, ਵੱਡੀ ਮਾਤਰਾਂ 'ਚ ਲਾਹਨ ਬਰਾਮਦ