ਗੁਰਦਾਸਪੁਰ: ਪਿੰਡ ਆਲੇਚੱਕ ਵਿੱਚ 9 ਕਨਾਲਾ 7 ਮਰਲੇ ਦੀ ਜ਼ਮੀਨ ਨੂੰ ਲੈਕੇ ਦੋ ਧਿਰਾਂ ਦਰਮਿਆਨ ਚੱਲ ਰਹੇ ਝਗੜੇ ਦੌਰਾਨ ਇਕ ਧਿਰ ਦੀ ਮਹਿਲਾ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਹੈ। ਮਹਿਲਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਆਰੋਪ ਲਗਾਏ ਹਨ ਕਿ ਇਹ ਜ਼ਮੀਨ ਉਸਦੇ ਸਵਰਗੀਏ ਪਤੀ ਕਰਨਲ ਦੇ ਨਾਮ ਸੀ । ਜਿਸ ਵਿਚ ਉਹ ਲੰਬੇ ਸਮੇਂ ਤੋਂ ਖੇਤੀ ਕਰ ਰਹੀ ਹੈ ਅਤੇ ਇਸ ਜਮੀਨ ਦਾ ਮਾਣਯੋਗ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ ਅਤੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਲਿਖਤੀ ਹੁਕਮ ਕੀਤੇ ਹਨ ਕਿ ਜਿੰਨਾ ਚਿਰ ਇਸ ਜ਼ਮੀਨ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਸ ਜ਼ਮੀਨ ਉੱਪਰ ਉਹ ਖੇਤੀ ਕਰ ਸਕਦੇ ਹਨ ਪਰ ਬੀਤੇ ਕੱਲ੍ਹ ਜਦੋਂ ਉਹ ਜ਼ਮੀਨ ਵਾਹ ਰਹੇ ਸਨ ਤਾਂ ਦੂਜੀ ਧਿਰ ਨੇ ਉਸ ਉਪਰ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਟਰੈਕਟਰ ਨੂੰ ਛੱਪੜ ਵਿੱਚ ਸੁੱਟ ਦਿੱਤਾ ਅਤੇ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਫਾਈਰਿੰਗ ਕੀਤੀ। ਜਿਸ ਤੋਂ ਬਾਅਦ ਪੁਲੀਸ ਵੱਲੋਂ ਮਹਿਲਾ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ।
ਪੁਲਿਸ 'ਤੇ ਪੱਖਪਾਤ ਦੇ ਇਲਜ਼ਾਮ: ਉਨ੍ਹਾਂ ਕਿਹਾ ਕਿ ਪੁਲਿਸ ਨੇ ਦੂਜੀ ਧਿਰ ਦੇ ਕਿਸੇ ਵੀ ਵਿਅਕਤੀ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਉਸ ਉਪਰ ਅਤੇ ਉਸਦੇ ਦੇ ਭਰਵਾਂ ਉਪਰ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਮਹਿਲਾ ਦੇ ਭਰਾ ਗੁਰਪੇਜ ਸਿੰਘ ਨੇ ਵੀ ਦੱਸਿਆ ਕਿ ਜਦੋਂ ਇਹ ਝਗੜਾ ਹੋਇਆ ਸੀ ਤਾਂ ਉਹ ਡਿਊਟੀ 'ਤੇ ਸੀ ਘਰ ਵਿਚ ਮੌਜੂਦ ਨਾ ਹੋਣ ਦੇ ਬਾਵਜੂਦ ਉਸ ਉੱਪਰ ਜਾਣ ਬੁੱਝ ਕੇ ਝੂਠਾ ਪਰਚਾ ਦਰਜ ਕੀਤਾ ਗਿਆ । ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਪਰਚੇ ਨੂੰ ਰੱਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।
ਦੂਜੀ ਧਿਰ ਦਾ ਪੱਖ: ਇਸ ਸਬੰਧੀ ਦੂਜੀ ਧਿਰ ਨਾਲ ਦੇ ਮੇਜ਼ਰ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਉਨ੍ਹਾਂ ਨੇ ਮ੍ਰਿਤਕ ਕਰਨਲ ਦੀਆਂ ਧੀਆਂ ਦੇ ਕੋਲੋਂ ਖਰੀਦੀ ਹੈ। ਜਿਸ ਦੀ ਰਜਿਸਟਰੀ ਇੰਤਕਾਲ ਆਦਿ ਸਭ ਕੁੱਝ ਉਹਨਾਂ ਦੇ ਨਾਮ 'ਤੇ ਹੋ ਚੁੱਕਾ ਹੈ ਅਤੇ ਉਹਨਾਂ ਨੇ ਕੁੱਝ ਮਹੀਨੇ ਪਹਿਲਾਂ ਇਸ ਜ਼ਮੀਨ ਵਿਚ ਪੱਠੇ ਭਿੱਜੇ ਹੋਏ ਸਨ ਪਰ ਇਹ ਮਹਿਲ ਨੇ ਬੀਤੀ ਕੱਲ ਜ਼ਮੀਨ 'ਚ ਟਰੈਕਟ ਲਿਆ ਕੇ ਵਾਹ ਦਿੱਤਾ । ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਦੇ ਬੰਦਿਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਇਸ ਮਹਿਲਾ ਨੇ ਸਾਡੇ ਉੱਪਰ ਫਾਇਰਿੰਗ ਕਰ ਦਿੱਤੀ । ਜਿਸ ਕਾਰਨ ਸਾਨੂੰ ਭੱਜ ਕੇ ਜਾਨ ਬਚਾਉਣੀ ਪਈ ਪਰ ਪੁਲਿਸ ਨੇ ਇਸ ਮਹਿਲਾ ਉੱਪਰ ਇਰਾਦਾ ਕਤਲ ਦੀ ਧਾਰਾ ਨਹੀਂ ਲਗਾਈ ।ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਹਿਲਾ ਉੱਪਰ ਇਰਾਦਾ ਕਤਲ ਦੀ ਧਾਰਾ ਲਗਾਈ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।
ਜਾਂਚ ਅਧਿਕਾਰੀ ਦਾ ਬਿਆਨ: ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜ਼ਮੀਨੀ ਵਿਵਾਦ ਨੂੰ ਲੈਕੇ 2 ਧਿਰਾਂ ਦਰਮਿਆਨ ਝਗੜਾ ਹੋਇਆ ਸੀ ਅਤੇ ਇਕ ਧਿਰ ਦੀ ਮਹਿਲਾ ਵੱਲੋਂ ਉੱਥੇ ਫਾਇਰਿੰਗ ਕੀਤੀ ਗਈ ਹੈ । ਜਿਸ ਉਪਰ ਮੌਕੇ 'ਤੇ ਪਹੁੰਚ ਕੇ ਝਗੜੇ ਨੂੰ ਸਮਾਪਤ ਕਰਵਾਇਆ ਗਿਆ ਅਤੇ ਮਹਿਲਾਂ ਸਮੇਤ ਉਸਦੇ ਭਰਾਵਾਂ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕੀ ਜੇਕਰ ਉਸਦੇ ਭਰਾ ਉੱਪਰ ਗ਼ਲਤ ਪਰਚਾ ਦਰਜ ਹੋਇਆ ਹੈ ਤਾਂ ਉਸਦੀ ਜਾਂਚ ਕੀਤੀ ਜਾਵੇਗੀ।