ਫਿਰੋਜ਼ਪੁਰ: ਬੀਤੇ ਦਿਨੀ ਫਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ ਵਿੱਚ ਤਰੀਕ ਉੱਤੇ ਪਹੁੰਚੀ ਮਹਿਲਾ ਉੱਤੇ ਕੁੱਝ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਬਾਜ਼ਾਰ ਅੰਦਰ ਮਹਿਲਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਇਸ ਹਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਹਿਲਾ ਨੂੰ ਪੁਲਿਸ ਦੀ ਮਦਦ ਨਾਲ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਪਰ ਹਾਲਤ ਜ਼ਿਆਦਾ ਖਰਾਬ ਹੋਣ ਦੇ ਚਲੱਦੇ ਉਸ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ ਅਤੇ ਹੁਣ ਮਹਿਲਾ ਇਸ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖਲ ਹੈ।
ਲੋਕਾਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ: ਬੁਰੀ ਤਰ੍ਹਾਂ ਜ਼ਖ਼ਮੀ ਹੋਈ ਮਹਿਲਾ ਦੇ ਇਲਾਜ ਦੇ ਚੱਲਦੇ ਉਕਤ ਮਹਿਲਾ ਦੇ ਦੋਨਾਂ ਹੱਥਾਂ ਦੀਆਂ ਉਂਗਲਾਂ ਨੂੰ ਡਾਕਟਰਾਂ ਵੱਲੋਂ ਕੱਟ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕਮਲੇਸ਼ ਨਾਮ ਦੀ ਇਹ ਮਹਿਲਾ ਕਤਲ ਕੇਸ ਵਿੱਚ ਮੁਲਜ਼ਮ ਹੈ ਅਤੇ ਉਸ ਦਿਨ ਅਦਾਲਤ ਵਿੱਚ ਪੇਸ਼ੀ ਭੁਗਤਣ ਆਈ ਸੀ, ਪਰ ਉਸ ਤੋਂ ਪਹਿਲਾਂ ਹੀ ਦੂਜੀ ਧਿਰ ਦੇ ਕੁੱਝ ਲੋਕਾਂ ਵੱਲੋਂ ਇਸ ਮਹਿਲਾ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਇਹ ਵੀ ਸਾਮਹਣੇ ਆ ਰਹੀ ਹੈ ਕੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੁੱਝ ਲੋਕਾਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਮਾਮਲੇ ਸਬੰਧੀ ਜ਼ਖ਼ਮੀ ਮਹਿਲਾ ਦੀ ਬੇਟੀ ਨੇ ਦੱਸਿਆ ਕਿ ਉਸ ਦੀ ਮਾਂ ਕਚਹਿਰੀ ਤਰੀਕ ਭੁਗਤਣ ਗਈ ਸੀ ਅਤੇ ਉਸ ਵੇਲੇ ਰਸਤੇ ਵਿੱਚ ਕੁੱਝ ਲੋਕਾਂ ਵੱਲੋਂ ਉਸ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਸਦੇ ਸਿਰ ,ਛਾਤੀ ਅਤੇ ਲੱਤਾਂ ਬਾਹਾਂ ਉੱਤੇ ਸੱਟਾਂ ਲੱਗੀਆਂ ਹਨ । ਮਹਿਲਾ ਦੀ ਬੇਟੀ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ: Clash between Nihang Singh and police: ਨਿਹੰਗ ਜਥੇਬੰਦੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪ, ਕਈ ਪੁਲਿਸ ਮੁਲਾਜ਼ਮ ਜ਼ਖਮੀ
ਉੱਧਰ ਮੈਡੀਕਲ ਹਸਪਤਾਲ ਦੇ ਸੁਪਰਡੈਂਟ ਡਾਕਟਰ ਅਖਿਲੇਸ਼ ਮਿੱਤਲ ਨੇ ਦੱਸਿਆ ਕਿ ਕਮਲੇਸ਼ ਨਾਮ ਦੀ ਮਹਿਲਾ ਨੂੰ ਫਿਰੋਜ਼ਪੁਰ ਤੋਂ ਰੈਫਰ ਕਰ ਇਲਾਜ ਲਈ ਭੇਜਿਆ ਗਿਆ ਸੀ ਜਿਸ ਨੂੰ ਆਈਸੀਯੂ ਵਾਰਡ ਵਿੱਚ ਰੱਖਿਆ ਗਿਆ ਹੈ, ਜਿਸ ਦੀਆਂ ਦੋਨਾਂ ਹੱਥਾਂ ਦੀਆਂ ਉਂਗਲਾਂ ਨੂੰ ਕੱਟਣਾ ਪਿਆ ਅਤੇ ਸਰੀਰ ਦੇ ਹੋਰ ਹਿੱਸਿਆਂ ਉੱਤੇ ਵੀ ਕਾਫੀ ਸੱਟਾਂ ਹਨ ਪਰ ਹਾਲਤ ਸਥਿਰ ਹੈ। ਦੱਸ ਦਈਏ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਾਨੂੰਨ ਵਿਵਸਥਾ ਉੱਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਪੰਜਾਬ ਅੰਦਰ ਗੈਂਗਸਟਰਾਂ ਤੋਂ ਇਲਾਵਾ ਗੁੰਡਾ ਅਨਸਰਾਂ ਦੇ ਹੌਂਸਲੇ ਵੀ ਬੁਲੰਦ ਵਿਖਾਈ ਦੇ ਰਹੇ ਹਨ। ਬੀਤੇ ਦਿਨਾਂ ਅੰਦਰ ਸੂਬੇ ਵਿੱਚ ਗੈਂਗਸਟਰ ਜਿੱਥੇ ਫਿਰੌਤੀਆਂ ਲਈ ਧਮਕੀਆਂ ਸ਼ਰੇਆਮ ਦੇ ਰਹੇ ਹਨ ਉੱਥੇ ਹੀ ਫਿਰੌਤੀਆਂ ਨਾ ਮਿਲਣ ਉੱਤੇ ਕਈ ਵਪਾਰੀਆਂ ਅਤੇ ਆਮ ਲੋਕਾਂ ਦੇ ਕਤਲ ਵੀ ਹੋ ਚੁੱਕੇ ਹਨ ਅਤੇ ਫਿਰੋਜ਼ਪੁਰ ਵਿੱਚ ਹੋਈ ਇਹ ਤਾਜ਼ਾ ਘਟਨਾ ਵੀ ਬਦਮਾਸ਼ਾਂ ਦੇ ਬੁਲੰਦ ਹੌਂਸਲਿਆਂ ਵੱਲ ਇਸ਼ਾਰਾ ਕਰਦੀ ਹੈ।