ਫਿਰੋਜ਼ਪੁਰ: ਕਸਬਾ ਮਮਦੋਟ ਸਿਵਲ ਹਸਪਤਾਲ ਦੇ ਅੰਦਰ ਬਣੇ ਨਸ਼ਾ ਛੁਡਾਊ ਕੇਂਦਰ 'ਓਟ' ਵਿਚ ਦਵਾਈਆਂ ਵੰਡਣ ਸਮੇਂ ਕਰਮਚਾਰੀ ਅਤੇ ਮਰੀਜ਼ ਵਿਚਾਲੇ ਹੰਗਾਮਾ ਹੋਇਆ।ਜਿਸ ਦੌਰਾਨ ਗੱਲ ਹੱਥੋਪਾਈ ਤੱਕ ਵੀ ਪੁੱਜ ਗਈ। ਇਸ ਹੱਥੋਪਾਈ ਦੌਰਾਨ ਦੋਵਾਂ ਜਣਿਆਂ ਦੇ ਮਾਮੂਲੀ ਚੋਟਾਂ ਵੀ ਲੱਗੀਆਂ ਅਤੇ ਕੰਪਿਊਟਰ ਸੈੱਟ ਵੀ ਨੁਕਸਾਨਿਆ ਗਿਆ। ਇਸ ਝਗੜੇ ਨੂੰ ਲੈ ਕੇ ਨਸ਼ਾ ਛਡਾਊ ਕੇਂਦਰ ਦੇ ਕਰਮਚਾਰੀ ਸਾਥੀਆਂ ਵੱਲੋਂ ਅਤੇ ਬਾਹਰ ਖੜ੍ਹੇ ਮਰੀਜ਼ਾਂ ਵੱਲੋਂ ਇਕ ਦੂਸਰੇ ਉਪਰ ਬੋਲ-ਕੁਬੋਲ ਕਰਨ ਅਤੇ ਮਾੜੇ ਵਰਤਾਰੇ ਸੰਬੰਧੀ ਇਕ ਦੂਸਰੇ ਉੱਪਰ ਆਰੋਪ ਲਾਏ ਜਾ ਰਹੇ ਹਨ।
ਉਧਰ ਐਸ ਐਮ ਓ ਨੇ ਬਰੀਕੀ ਨਾਲ ਜਾਂਚ ਪੜਤਾਲ ਕਰਨ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਕਰਮਚਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਵੱਲੋਂ ਹੋਰ ਖੜ੍ਹੇ ਮਰੀਜ਼ਾਂ ਨੂੰ ਗੁੰਮਰਾਹ ਕਰਕੇ ਸਟਾਫ ਖਿਲਾਫ ਮਾੜਾ ਵਤੀਰਾ ਕਰਨ ਤੋਂ ਇਲਾਵਾ ਕੰਧਾਂ 'ਤੇ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ।
ਦੂਸਰੇ ਪਾਸੇ ਉਕਤ ਨੌਜਵਾਨ ਦੇ ਹੱਕ ਵਿਚ ਨਿੱਤਰਦਿਆਂ ਕਈ ਮਰੀਜ਼ਾਂ ਵੱਲੋਂ ਗ਼ਲਤ ਰਵੱਈਏ ਲਈ 'ਓਟ' ਕੇਂਦਰ ਦੇ ਕਰਮਚਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹੰਗਾਮੇ ਤੋਂ ਦੁਖੀ ਹੋਏ ਲੋਕਾਂ ਨੇ ਕਿਹਾ ਕਿ ਦੋਹਾਂ ਜਣਿਆਂ ਦੀ ਕਿੜਬਾਜ਼ੀ ਕਾਰਨ ਦਿਹਾੜੀਦਾਰ ਲੋਕਾਂ ਨੂੰ ਅਤੇ ਬਜ਼ੁਰਗਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ।ਮਜ਼ਦੂਰਾਂ ਨੇ ਕਿਹਾ ਹੈ ਕਿ ਦਿਹਾੜੀ ਨੂੰ ਛੱਡ ਕੇ ਉਹ ਗੋਲੀ ਲੈਣ ਵਾਸਤੇ ਸਵੇਰ ਸਮੇਂ ਤੋਂ ਕਤਾਰ ਵਿੱਚ ਖੜ੍ਹੇ ਹੋਏ ਹਨ ਪਰ ਦੁਪਹਿਰ ਹੋ ਜਾਣ ਕਾਰਨ ਕੰਮ ਤੇ ਨਹੀਂ ਜਾ ਸਕਣਗੇ ਜਿਸ ਕਾਰਨ ਉਨ੍ਹਾਂ ਦੀ ਤਿੱਨ ਸੌ ਰੁਪਏ ਦੀ ਦਿਹਾੜੀ ਬੇਕਾਰ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੁਲਿਸ ਸੁਰੱਖਿਆ ਵੀ ਤੈਨਾਤ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਵੀ ਤਣਾਅਪੂਰਨ ਸਥਿਤੀ ਪੈਦਾ ਨਾ ਹੋ ਸਕੇ।