ਫਿਰੋਜ਼ਪੁਰ: ਸਰਕਾਰੀ ਬਹੁਤਕਨੀਕੀ (ਪੋਲੀਟੈਕਨੀਕਲ) ਕਾਲਜ ਵਿਖੇ ਨਵੇਂ ਉਸਾਰੇ ਕ੍ਰਿਕੇਟ ਗਰਾਊਂਡ ਦਾ ਉਦਘਾਟਨ ਕੀਤਾ ਗਿਆ। ਇਸ ਕ੍ਰਿਕੇਟ ਗਰਾਊਂਡ ਦਾ ਉਦਘਾਟਨ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕੀਤਾ। ਲਗਭਗ 27 ਲੱਖ ਦੀ ਲਾਗਤ ਨਾਲ ਇਸ ਕ੍ਰਿਕੇਟ ਗਰਾਊਂਡ ਨੂੰ ਤਿਆਰ ਕੀਤਾ ਗਿਆ ਹੈ।
ਇਲਾਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਗਰਾਊਂਡ ਦੇ ਇੱਕ ਪਾਸੇ ਦਰੱਖ਼ਤ ਦੇ ਹੇਠਾਂ ਕ੍ਰਿਕੇਟ ਖਿਡਾਰੀ ਯੁਵਰਾਜ ਸਿੰਘ ਦਾ ਜੋ ਸਟੈਚੂ ਬਣਾਇਆ ਗਿਆ ਹੈ, ਇਸ ਤੋਂ ਪ੍ਰੇਰਿਤ ਹੋ ਕੇ ਇੱਥੇ ਖੇਡਣ ਵਾਲੇ ਕ੍ਰਿਕੇਟ ਖਿਡਾਰੀ ਵੀ ਜਿੱਤ ਪ੍ਰਤੀ ਹੋਰ ਅੱਗੇ ਵਧਣਗੇ ਕਿਉਂਕਿ ਸਾਡੇ ਇਸ ਕ੍ਰਿਕੇਟ ਖਿਡਾਰੀ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ 'ਤੇ ਜਿੱਤ ਪ੍ਰਾਪਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਗਰਾਊਂਡ ਅੱਗੇ ਪਿੱਛੇ ਖਿਡਾਰੀਆਂ ਦੀਆਂ ਪੇਂਟਿੰਗਾਂ ਬਣਾਈਆਂ ਗਈਆਂ ਹਨ। ਗਰਾਊਂਡ ਦੇ ਚਾਰੇ ਪਾਸੇ 7 ਲੱਖ ਰੁਪਏ ਦੀ ਲਾਗਤ ਨਾਲ ਫੁਹਾਰੇ ਲਗਾਏ ਗਏ ਹਨ। ਇਸ ਗਰਾਊਂਡ 'ਤੇ ਫ਼ਿਰੋਜ਼ਪੁਰ ਦੇ ਨੌਜਵਾਨ ਖਿਡਾਰੀ ਆਪਣੀ ਖੇਡ ਦੀ ਪ੍ਰੈਕਟਿਸ ਕਰਕੇ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਫ਼ਿਰੋਜ਼ਪੁਰ ਦਾ ਨਾਂਅ ਵੀ ਰੌਸ਼ਨ ਕਰਨਗੇ।