ਫਿਰੋਜ਼ਪੁਰ: ਪੰਜਾਬ 'ਚ ਮੀਂਹ ਪੈਣ ਨਾਲ ਗਰਮੀ ਦੇ ਮੌਸਮ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਲਗਾਤਾਰ ਦੋ ਦਿਨਾਂ ਤੋਂ ਫਿਰੋਜ਼ਪੁਰ, ਲੁਧਿਆਣਾ,ਅਤੇ ਰਾਜਧਾਨੀ ਚੰਡੀਗੜ੍ਹ ਸਣੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਨਾਲ ਮੌਸਮ ਖੁਸ਼ਨੁਮਾ ਹੋ ਗਿਆ। ਫਿਰੋਜ਼ਪੁਰ ਵਿੱਚ ਦਿਨ ਵੇਲੇ ਹੀ ਕਾਲੀਆਂ ਘਟਾਵਾਂ ਛਾਉਣ ਨਾਲ ਹਨੇਰਾ ਹੋ ਗਿਆ। ਤੇਜ਼ ਹਨੇਰੀ ਅਤੇ ਕਾਫ਼ੀ ਤੇਜੀ ਨਾਲ ਮੀਂਹ ਪਿਆ। ਲਗਾਤਾਰ ਦੂਜੇ ਦਿਨ ਵੀ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਸੂਬੇ ਦੇ ਕਈ ਜ਼ਿਲ੍ਹਿਆ 'ਚ ਵੀ ਤੇਜ਼ ਬਰਸਾਤ ਹੋਈ, ਜਿਸ ਨਾਲ ਸੜਕਾਂ 'ਤੇ ਪਾਣੀ ਆ ਗਿਆ। ਦੂਜੇ ਪਾਸੇ ਇਹ ਮੀਂਹ ਕਿਸਾਨਾਂ ਲਈ ਵੀ ਕਾਫ਼ੀ ਲਾਹੇਵੰਦ ਹੈ ਕਿਉਂਕਿ ਝੋਨੇ ਦੀ ਫ਼ਸਲ ਲਈ ਕਿਸਾਨਾਂ ਨੂੰ ਪਾਣੀ ਦੀ ਬੇਹੱਦ ਲੋੜ ਹੈ। ਮਹਿੰਗੇ ਡੀਜ਼ਲ ਅਤੇ ਘੱਟ ਬਿਜਲੀ ਆਉਣ ਕਰਕੇ ਕਿਸਾਨਾਂ ਲਈ ਮੀਂਹ ਵਰਦਾਨ ਸਾਬਿਤ ਹੋ ਰਿਹਾ ਹੈ।