ਫਿਰੋਜ਼ਪੁਰ:ਸਹਿਕਾਰਤਾ ਵਿਭਾਗ (Department of Cooperation ਦੇ ਦਫ਼ਤਰ ਵਿੱਚ ਤਾਇਨਾਤ ਮੱਲਾਂਵਾਲਾ ਵਾਸੀ ਇਕ ਕਲਰਕ ਨੇ ਆਪਣੇ ਹੀ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਪ੍ਰੇਸ਼ਾਨ ਹੋ ਕੇ ਅਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲਗਾਉਂਦੇ ਹੋਏ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ (Suicide)ਕਰ ਲਈ ਹੈ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਨੇ 29 ਜੂਨ ਨੂੰ ਜ਼ਹਿਰੀਲੀ ਦਵਾਈ ਪੀਤੀ ਸੀ ਅਤੇ ਉਸਦਾ ਇਲਾਜ ਮੱਲਾਂਵਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਸੀ।ਜਿੱਥੇ ਉਸ ਦੀ ਹੁਣ ਮੌਤ ਹੋ ਗਈ ਹੈ।
ਮ੍ਰਿਤਕ ਗੁਰਿੰਦਰਜੀਤ ਸਿੰਘ ਦੀ ਪਤਨੀ ਮਨਜੀਤ ਕੌਰ ਦਾ ਕਹਿਣਾ ਹੈ ਕਿ ਸਹਿਕਾਰਤਾ ਵਿਭਾਗ ਜ਼ੀਰਾ ਵਿੱਚ ਕੰਮ ਕਰਦਾ ਸੀ ਅਤੇ ਉਸ ਦੀ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਡਿਊਟੀ ਫ਼ਿਰੋਜ਼ਪੁਰ ਜੁਆਇੰਟ ਰਜਿਸਟਰਾਰ ਦਫ਼ਤਰ ਵਿੱਚ ਹਫ਼ਤੇ ਵਿਚ ਤਿੰਨ ਦਿਨ ਲਗਾਈ ਗਈ ਸੀ।ਜਿਸ ਵਾਸਤੇ ਉਹ ਜੁਆਇੰਟ ਰਜਿਸਟਰਾਰ ਦਫ਼ਤਰ ਦੇ ਸੀਨੀਅਰ ਸਹਾਇਕ ਨੂੰ ਵਾਰ ਵਾਰ ਬੇਨਤੀ ਕਰ ਰਿਹਾ ਸੀ ਕਿ ਉਸ ਦੀ ਇਹ ਐਡੀਸ਼ਨਲ ਡਿਊਟੀ ਕੱਟ ਦਿੱਤੀ ਜਾਵੇ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ।ਉਨ੍ਹਾਂ ਨੇ ਕਿਹਾ ਕਿ ਉਸ ਨੇ ਆਪਣੇ ਸੁਸਾਈਡ ਨੋਟ ਵਿਚ ਸੀਨੀਅਰ ਸਹਾਇਕ ਉਪਰ ਡਿਊਟੀ ਕੱਟਣ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਵੀ ਇਲਜ਼ਾਮ ਲਗਾਏ ਹਨ।
ਮਨਜੀਤ ਕੌਰ ਦਾ ਕਹਿਣਾ ਹੈ ਕਿ ਉਕਤ ਅਧਿਕਾਰੀ ਦੁਆਰਾ ਨੌਕਰੀ ਤੋਂ ਪੱਕੀ ਛੁੱਟੀ ਕਰਵਾਉਣ ਦੀਆਂ ਧਮਕੀਆਂ ਵੀ ਸੁਸਾਈਡ ਨੋਟ ਵਿਚ ਲਿਖੀਆਂ ਹਨ।ਪਤਨੀ ਨੇ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।