ਫਿਰੋਜ਼ਪੁਰ: ਪਿਛਲੇ ਲੰਬੇ ਸਮੇਂ ਤੋਂ ਖੂਨੀ ਚਾਈਨਾ ਡੋਰ ਨਾਲ ਕਈ ਭਿਆਨਕ ਹਾਦਸੇ ਵਾਪਰੇ ਹਨ, ਇਨ੍ਹਾਂ ਹਾਦਸਿਆਂ ਵਿੱਚ ਕਈ ਲੋਕ ਆਪਣੀਆਂ ਜਾਨਾਂ ਤੋਂ ਵੀ ਹੱਥ ਧੋ ਬੈਠੇ ਹਨ ਤੇ ਕਈ ਜ਼ਿੰਦਗੀ ਭਰ ਲਈ ਬਜਾਰੱਤ ਹੋ ਕੇ ਬੈਠ ਜਾਂਦੇ ਹਨ, ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਇਕ 20 ਸਾਲਾ ਨੌਜਵਾਨ ਦੇ ਗਲ਼ ਵਿੱਚ ਚਾਈਨਾ ਡੋਰ ਫਿਰ ਗਈ। ਇਸ ਹਾਦਸੇ ਵਿੱਚ ਉਸ ਦਾ ਗਰਦਨ ਉਤੇ ਕਾਫੀ ਗੰਭੀਰ ਕੱਟ ਪਿਆ ਹੈ।
ਲੀਡਰਾਂ ਦੇ ਵਾਅਦੇ ਤੇ ਦਾਅਵੇ ਖੋਖਲੇ : ਆਏ ਦਿਨ ਅਜਿਹੇ ਹਾਦਸੇ ਵਾਪਰਦੇ ਹਨ, ਪਰ ਸਰਕਾਰਾਂ ਇਸ ਪਾਸੇ ਕੋਈ ਧਿਆਨ ਨਹੀਂ ਕਰਦੀਆਂ ਕਿਉਂਕਿ ਸਰਕਾਰਾਂ ਨੂੰ ਇਸ ਤੋਂ ਮੋਟੀ ਆਮਦਨ ਹੁੰਦੀ ਹੈ। ਸ਼ਾਇਦ ਇਸੇ ਲਈ ਸਰਕਾਰ ਇਸ ਪਾਸੇ ਧਿਆਨ ਨਹੀਂ ਦਿੰਦੀ ਤੇ ਇਸ ਚਾਈਨਾ ਡੋਰ ਦੀ ਵਪਾਰਕ ਸਾਂਝ ਨੂੰ ਖਤਮ ਨਹੀਂ ਕੀਤਾ ਜਾਂਦਾ। ਚਾਈਨਾ ਡੋਰ ਕਾਰਨ ਜਦੋਂ ਵੀ ਹਾਦਸਾ ਵਾਪਰਦਾ ਹੈ ਤਾਂ ਪੁਲਿਸ ਵਿਭਾਗ ਦੇ ਵੱਡੇ ਅਫਸਰ ਤੇ ਲੀਡਰ ਇਸ ਪਾਸੇ ਗੱਲਾਂ ਕਰਦੇ ਹਨ ਕਿ ਚਾਈਨਾ ਡੋਰ ਨਾਲ ਕਈਆਂ ਦੀ ਜਾਣ ਚਲੀ ਜਾਂਦੀ ਹੈ ਤੇ ਇਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ, ਪਰ ਆਏ ਦਿਨ ਅਜਿਹੀਆਂ ਵਾਪਰਦੀਆਂ ਘਟਨਾਵਾਂ ਤੋਂ ਬਾਅਦ ਲੀਡਰਾਂ ਦੇ ਦਾਅਵੇ ਤੇ ਵਾਅਦੇ ਖੋਖਲੇ ਹੀ ਹੋ ਕੇ ਰਹਿ ਜਾਂਦੇ ਹਨ।
ਹਸਪਤਾਲ ਵਿੱਚ ਨੌਜਵਾਨ ਦੇ ਲੱਗੇ 25 ਟਾਂਕੇ : ਜਾਣਕਾਰੀ ਅਨੁਸਾਰ 20 ਸਾਲਾ ਨੌਜਵਾਨ ਦੇ ਸਕੂਲ ਤੋਂ ਆਉਂਦੇ ਸਮੇਂ ਗਲ਼ੇ ਵਿੱਚ ਚਾਈਨਾ ਡੋਰ ਫਿਰ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਜਦੋਂ ਉਸ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸ ਦੇ ਗਰਦਨ ਤੇ ਲਗਭਗ 25 ਟਾਂਕੇ ਲੱਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਦੇ ਚਾਚਾ ਸੋਨੂੰ ਮੋਂਗਾ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਜੋ ਡੀਸੀ ਮਾਡਲ ਸਕੂਲ ਵਿੱਚ ਪੜ੍ਹਦਾ ਹੈ ਤੇ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ, ਜਦੋਂ ਉਹ ਇਛੇਵਾਲਾ ਰੋਡ ਉਤੇ ਪਹੁੰਚਿਆ ਤਾਂ ਪਲਾਸਟਿਕ ਦੀ ਡੋਰ ਉਸ ਦੇ ਗਲ਼ੇ ਵਿੱਚ ਫਸ ਗਈ, ਜੋ ਉਸਦੇ ਗਲੇ ਨੂੰ ਚੀਰਦੀ ਹੋਈ ਅੰਦਰ ਤੱਕ ਚਲੀ ਗਈ, ਜਿਸ ਨੂੰ ਅਨਿਲ ਬਾਗੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਇਸ ਮੌਕੇ ਲਵਿਸ਼ ਮੋਂਗਾ ਦੇ ਚਾਚਾ ਸੋਨੂੰ ਮੋਂਗਾ ਨੇ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਚਾਈਨਾ ਡੋਰ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਤਾਂ ਜੋ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।