ਫਿਰੋਜ਼ਪੁਰ:- ਪੰਜਾਬ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹਾ ਹੀ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ ਫਿਰੋਜ਼ਪੁਰ ਦੇ ਤਲਵੰਡੀ ਵਿਖੇ ਹੋਇਆ। ਇਸ ਮੁਕਾਬਲੇ 'ਚ ਗੈਂਗਸਟਰ ਗੁਰਪਿਆਰ ਸਿੰਘ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਤਲਵੰਡੀ ਪੁਲਿਸ ਨੇ ਗੈਂਗਸਟਰ ਗੁਰਪਿਆਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਗੁਰਪਿਆਰ ਸਿੰਘ ਅਰਸ਼ ਡੱਲਾ ਦਾ ਸਾਥੀ ਵੀ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਵਿੱਚ ਗੈਂਗਟਸਰ ਗੁਰਪਿਆਰ ਸਿੰਘ ਦੀ ਲੰਮੇਂ ਤੋਂ ਭਾਲ ਸੀ।
ਚੌਹਾਨ ਜਿਊਲਰ ਵੱਲੋਂ ਫਿਰੌਤੀ ਨਾ ਦੇਣ ਕਾਰਨ ਫਾਇਰਿੰਗ :- ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਫਿਰੋਜ਼ਪੁਰ ਦੇ ਡੀਆਈਜੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅਰਸ਼ ਢੱਲਾ ਦਾ ਸਾਥੀ ਗੁਰਪਿਆਰ ਸਿੰਘ ਸੀ। ਜੋ ਕਿ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਰੇਕੀ ਕਰਦਾ ਸੀ। ਪਿਛਲੇ ਦਿਨੀਂ ਗੈਂਗਸਟਰ ਗੁਰਪਿਆਰ ਸਿੰਘ ਨੇ ਤਲਵੰਡੀ ਦੇ ਵਾਸੀ ਚੌਹਾਨ ਜਿਊਲਰ ਤੋਂ ਫਿਰੌਤੀ ਮੰਗੀ ਸੀ। ਚੌਹਾਨ ਜਿਊਲਰ ਵੱਲੋਂ ਫਿਰੌਤੀ ਨਾ ਦੇਣ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਦੇ ਘਰ 'ਤੇ ਫਾਇਰਿੰਗ ਕਰ ਦਿੱਤੀ ਅਤੇ ਉੱਥੋਂ ਫਰਾਰ ਹੋ ਗਏ।
ਪੁਲਿਸ ’ਤੇ ਗੈਂਗਸਟਰ ਗੁਰਪਿਆਰ ਸਿੰਘ ਵਿਚਕਾਰ ਮੁਕਾਬਲਾ:- ਡੀਆਈਜੀ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਗੈਂਗਸਟਰ ਗੁਰਪਿਆਰ ਸਿੰਘ ਦੇ ਫਰਾਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਟੀਮ ਬਣਾ ਕੇ ਤਲਵੰਡੀ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਹੀ ਗੈਂਗਸਟਰ ਗੁਰਪਿਆਰ ਸਿੰਘ ਫਾਇਰਿੰਗ ਕਰਨ ਤੋਂ ਬਾਅਦ ਨਾਕੇ ਉੱਤੋਂ ਲੰਘਣ ਲੱਗਾ ਤਾਂ ਪੁਲਿਸ ਮੁਲਾਜ਼ਮਾਂ ਉੱਤੇ ਗੁਰਪਿਆਰ ਸਿੰਘ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਜਵਾਬ ਵਿੱਚ ਤਲਵੰਡੀ ਪੁਲਿਸ ਨੇ ਵੀ ਗੈਂਗਸਟਰ ਗੁਰਪਿਆਰ ਸਿੰਘ ਉੱਤੇ ਫਾਇਰਿੰਗ ਕੀਤੀ। ਇਸ ਮੁਕਾਬਲੇ ਦੌਰਾਨ ਗੁਰਪਿਆਰ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਗੁਰਪਿਆਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਗੁਰਪਿਆਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਸੁਰੂ:- ਪੁਲਿਸ ਜਾਣਕਾਰੀ ਅਨੁਸਾਰ ਜ਼ਖ਼ਮੀ ਗੁਰਪਿਆਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਤਲਵੰਡੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਇਲਾਜ ਤੋਂ ਬਾਅਦ ਤਲਵੰਡੀ ਪੁਲਿਸ ਗੈਂਗਸਟਰ ਗੁਰਪਿਆਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਵੇਗੀ।
ਇਹ ਵੀ ਪੜੋ:- ਹਾਈਕੋਰਟ ਦੇ ਟੋਲ ਪਲਾਜ਼ਾ ਤੋਂ ਮੋਰਚਾ ਹਟਾਉਣ ਦੇ ਹੁਕਮਾਂ ਤੋਂ ਬਾਅਦ ਕਿਸਾਨਾਂ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ