ਫ਼ਤਿਹਗੜ੍ਹ ਸਾਹਿਬ: ਕੋਰੋਨਾ ਮਹਾਂਮਾਰੀ ਨੇ ਸਮਾਜ ਨੂੰ ਗੰਭੀਰ ਸੰਕਟ ਵਿੱਚ ਲਿਆ ਸੁੱਟਿਆ ਹੈ। ਆਮ ਲੋਕਾਂ ਨੂੰ ਰੋਜੀ ਰੋਟੀ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਕੋਰੋਨਾ ਕਾਰਨ ਨਿੱਕੇ-ਨਿੱਕੇ ਸਮੂਹ ਬਣਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਲੀਆਂ ਮਹਿਲਾਵਾਂ ਵੀ ਆਰਥਿਕ ਸਕੰਟ ਨਾਲ ਜੂਝ ਰਹੀਆਂ ਹਨ। ਇਸੇ ਦੌਰਾਨ ਬੱਸੀ ਪਠਾਣਾ ਤੋਂ ਇੱਕ ਰਾਹਤ ਦੀ ਖ਼ਬਰ ਆਈ ਹੈ।
ਮੇਹਰ ਬਾਬਾ ਚੈਰੀਟੇਬਲ ਟਰੱਸਟ ਉੱਦਮੀ ਮਹਿਲਾਵਾਂ ਲਈ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ। ਟਰੱਸਟ ਵੱਲੋਂ ਪਹਿਲਾ ਮਹਿਲਾਵਾਂ ਤੋਂ ਫੁਲਕਾਰੀਆਂ ਦੀ ਕਢਾਈ ਕਰਵਾਈ ਜਾਂਦੀ ਸੀ। ਕੋਰੋਨਾ ਕਾਰਨ ਪੈਦਾ ਹੋਈ ਸਥਿਤੀ ਵਿੱਚ ਇਹ ਕੰਮ ਬੰਦ ਹੋ ਗਿਆ ਹੈ ਪਰ ਹੁਣ ਟਰੱਸਟ ਇਨ੍ਹਾਂ ਮਹਿਲਾਵਾਂ ਤੋਂ ਪੀਪੀਈ ਕਿੱਟਾਂ ਅਤੇ ਮਾਸਕ ਤਿਆਰ ਕਰਵਾ ਰਿਹਾ ਹੈ। ਇਸ ਨਾਲ ਇਲਾਕੇ ਦੇ ਪਿੰਡਾਂ ਦੀਆਂ ਮਹਿਲਾਵਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ।
ਟਰੱਸਟ ਕੋਰੋਨਾ ਨਾਲ ਲੜਣ ਵਾਲੇ ਡਾਕਟਰਾਂ, ਪੁਲਿਸ ਮੁਾਲਜ਼ਮਾਂ ਅਤੇ ਹੋਰ ਕਰਮਚਾਰੀਆਂ ਲਈ ਪੀਪੀਈ ਕਿੱਟਾਂ, ਮਾਸਕ ਅਤੇ ਗਾਊਣ ਬਣਾਉਣ ਲੱਗੀ। ਇਸ ਨਾਲ ਇਨ੍ਹਾਂ ਮਹਿਲਾਵਾਂ ਨੂੰ ਮੁੜ ਰੁਜ਼ਗਾਰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਨੂੰ ਹੁਣ ਇੱਕ ਵੱਡਾ ਆਰਡਰ ਵੀ ਮਿਲਿਆ ਹੈ। ਟਰੱਸਟ ਵਿੱਚ ਕੰਮ ਕਰਦੀਆਂ ਮਹਿਲਾਵਾਂ ਕਮਲਜੀਤ ਅਤੇ ਕਵਿਤਾ ਨੇ ਦੱਸਿਆ ਕਿ ਉਹ ਫੁਲਕਾਰੀਆਂ ਦੀ ਕਢਾਈ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਦੀਆਂ ਸਨ। ਕੋਰੋਨਾ ਕਾਰਨ ਫੁਲਕਾਰੀਆਂ ਦਾ ਕੰਮ ਬੰਦ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਔਖਾ ਹੋ ਗਿਆ।
ਮਹਿਲਾ ਵਰਕਰਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਮੁੜ ਕੰਮ ਮਿਲਿਆ ਹੈ। ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਮੁੜ ਭਖੇ ਹਨ। ਮਹਿਲਾਵਾਂ ਨੇ ਦੱਸਿਆ ਕਿ ਉਹ ਪੀਪੀਈ ਕਿੱਟਾਂ, ਮਾਸਕ ਬਣਾ ਰਹੀਆਂ ਹਨ ਅਤੇ ਚੰਗੀ ਆਮਦਨੀ ਵੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਇੱਕ ਦਿਨ ਵਿੱਚ ਉਹ 15-20 ਕਿੱਟਾਂ ਤਿਆਰ ਕਰ ਦਿੰਦੀਆਂ ਹਨ।
ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਜਾ ਰਿਹਾ ਕੰਮ ਸ਼ਲਾਘਾਯੋਗ ਹੈ। ਜ਼ਰੂਰਤ ਹੈ ਇਸੇ ਤਰ੍ਹਾਂ ਦੇ ਹੋਰ ਉਪਰਾਲੇ ਕਰਨ ਦੀ, ਤਾਂ ਜੋ ਕੋਰੋਨਾ ਕਾਰਨ ਪੈਦਾ ਹੋਈ ਸਥਿਤੀ ਵਿੱਚ ਅਜਿਹੇ ਪਰਿਵਾਰਾਂ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਹੁੰਦਾ ਰਹੇ। ਇਨ੍ਹਾਂ ਮਹਿਲਾਵਾਂ ਵੱਲੋਂ ਕੋਰੋਨਾ ਯੋਧਿਆਂ ਲਈ ਤਿਆਰ ਕੀਤੀਆਂ ਜਾ ਰਹੀਆਂ ਪੀਪੀਈ ਕਿੱਟਾਂ, ਮਾਸਕ ਤਿਆਰ ਕਰਕੇ " ਨਾਲੇ ਪੁੰਨ ਨਾਲੇ ਫਲੀਆਂ" ਵਾਲੀ ਕਹਾਵਤ ਨੂੰ ਸੱਚ ਕਰ ਵਿਖਾ ਰਹੀਆਂ ਹਨ।