ਫ਼ਾਜ਼ਿਲਕਾ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਵਰਗੀ ਖ਼ਤਰਨਾਕ ਬਿਮਾਰੀ ਫੈਲਣ ਕਰਕੇ ਦਹਿਸ਼ਤ ਫੈਲੀ ਹੋਈ ਹੈ ਤੇ ਸਰਕਾਰ ਨੇ ਵਾਇਰਸ ਦੇ ਬਚਾਅ ਲਈ ਦੇਸ਼ ਭਰ ਵਿੱਚ ਲੌਕਡਾਊਨ ਕੀਤਾ ਹੋਇਆ ਹੈ। ਇਸ ਤਹਿਤ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ਾਜ਼ਿਲਕਾ ਦੇ ਅਬੋਹਰ, ਜਲਾਲਾਬਾਦ ਤੇ ਫ਼ਾਜ਼ਿਲਕਾ ਦੇ ਕਈ ਵਾਰਡਾਂ ਨੂੰ ਸੈਨਿਟਾਈਜ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਫ਼ਾਜ਼ਿਲਕਾ ਦੇ ਪਿੰਡ ਕੱਲਰ ਖੇੜਾ ਦੀ ਪੰਚਾਇਤ ਵਲੋਂ ਵੀ ਆਪਣੇ ਪੱਧਰ 'ਤੇ ਪੂਰੇ ਪਿੰਡ ਨੂੰ ਸੈਨਿਟਾਈਜ਼ ਕੀਤਾ ਗਿਆ।
ਇਸ ਮੌਕੇ ਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਪਿੰਡ ਨੂੰ ਸੈਨਿਟਾਈਜ਼ ਕਰਨ ਲਈ ਉਨ੍ਹਾਂ ਨੂੰ ਸਪ੍ਰੇਅ ਉਪਲੱਬਧ ਕਰਵਾਈ ਗਈ ਹੈ। ਇਸ ਨਾਲ ਉਨ੍ਹਾਂ ਵਲੋਂ ਸਪ੍ਰੇਅ ਮਸ਼ੀਨਾਂ ਨਾਲ ਪੂਰੇ ਪਿੰਡ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਬਿਮਾਰੀ ਤੋਂ ਬਚਣ ਲਈ ਪ੍ਰਸ਼ਾਸਨ ਵਲੋਂ ਉਨ੍ਹਾਂ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਬਿਮਾਰੀ ਤੋਂ ਬਚਣ ਲਈ ਸਮੇਂ-ਸਮੇਂ 'ਤੇ ਹਿਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਲੋਕ ਘਰਾਂ ਦੇ ਬਾਹਰ ਨਾ ਨਿਕਲਣ ਤੇ ਇਹੀ ਬਿਮਾਰੀ ਤੋਂ ਬਚਣ ਦਾ ਇੱਕ ਮਾਤਰ ਰਾਹ ਹੈ।