ਅਬੋਹਰ: ਇੱਥੋਂ ਹਿੰਦੁਮਲਕੋਟ ਰੋਡ 'ਤੇ ਬੀਡੀਪੀਓ ਦਫ਼ਤਰ ਦੇ ਸਾਹਮਣੇ ਇੱਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਇਕਲ ਸਵਾਰ ਇੱਕ ਨੌਜਵਾਨ ਤੇ ਲੜਕੀ ਸੜਕ 'ਤੇ ਡਿੱਗ ਗਏ। ਇਸ ਹਾਦਸੇ 'ਚ ਲੜਕੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬੱਲੁਆਨਾ ਨਿਵਾਸੀ ਜਸ਼ਨ ਪੁੱਤਰ ਰਾਮਕਿਸ਼ਨ ਆਪਣੀ ਮਾਮੇ ਦੀ ਲੜਕੀ ਗੀਤਾ ਦੇ ਨਾਲ ਬੀਤੀ ਰਾਤ ਗਿਦੜਾ ਵਾਲੀ ਰੁੱਕਿਆ ਸੀ ਅਤੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਫ਼ਾਜ਼ਿਲਕਾ ਰੋਡ ਪਿੰਡ ਘੱਲੂ ਜਾ ਰਹੇ ਸਨ। ਜਿੱਥੇ ਜਾਂਦੇ ਸਮੇਂ ਅਣਪਛਾਤੇ ਵਾਹਣ ਦੀ ਟੱਕਰ ਦੇ ਕਾਰਨ ਇਹ ਹਾਦਸਾ ਵਾਪਰ ਗਿਆ।
ਦੁਰਘਟਨਾ ਵਾਲੀ ਥਾਂ 'ਤੇ ਮੌਜੂਦ ਮ੍ਰਿਤਕਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅੱਗੇ ਇੱਕ ਟਰੱਕ ਚਾਲਕ ਆ ਰਿਹਾ ਸੀ ਤਾਂ ਉਸ ਨੇ ਹੌਲੀ ਨਹੀਂ ਕੀਤਾ ਅਤੇ ਮੋਟਰਸਾਈਕਲ ਸਵਾਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਉਹ ਡਿੱਗ ਪਏ।
ਦੂਜੇ ਪਾਸੇ ਘਟਨਾ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਥੇ ਸੀਵਰੇਜ ਦਾ ਪਾਣੀ ਜ਼ਿਆਦਾ ਇਕੱਠਾ ਹੋਇਆ ਸੀ। ਮੋਟਰਸਾਈਕਲ ਚਾਲਕ ਦੀ ਭੈਣ ਪਿੱਛੇ ਬੈਠੀ ਹੋਈ ਸੀ ਅਤੇ ਇੱਕ ਅਣਪਛਾਤਾ ਟਰੱਕ ਜੋ ਕਿ ਅਬੋਹਰ ਵੱਲੋਂ ਆ ਰਿਹਾ ਸੀ ਤਾਂ ਅਚਾਨਕ ਸੰਤੁਲਨ ਵਿਗੜ ਗਿਆ ਤੇ ਮ੍ਰਿਤਕਾ ਹੇਠਾਂ ਡਿੱਗ ਗਈ ਜਿਸ ਦਾ ਸਿਰ ਸੜਕ ਉੱਤੇ ਵੱਜਣ ਕਾਰਨ ਉਸ ਦੀ ਮੌਤ ਹੋ ਗਈ ਤੇ ਉਸ ਦਾ ਭਰਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਤੇ ਅਗਲੇਰੀ ਕਾਰਵਾਈ ਜਾਰੀ ਹੈ।