ਫਾਜਿਲਕਾ: ਪਿਛਲੇ 8 ਸਾਲਾਂ ਤੋਂ ਵਿਵਾਦਾਂ ਵਿੱਚ ਰਹੇ ਸ਼ਹਿਰ ਦੇ ਨਵੇਂ ਬਸ ਸਟੈਂਡ ਦੀ ਅੱਜ ਸ਼ੁਰੂਆਤ ਹੋ ਗਈ ਹੈ। ਅਬੋਹਰ ਰੋਡ 'ਤੇ ਕਾਂਸ਼ੀਰਾਮ ਪਾਰਕ ਵਿੱਚ ਬਣਨ ਜਾ ਰਹੇ ਫ਼ਾਜ਼ਿਲਕਾ ਦੇ ਨਵੇਂ ਬਸ ਸਟੈਂਡ ਦਾ ਅੱਜ ਇਥੋਂ ਦੇ ਐਮ.ਐਲ.ਏ. ਦਵਿੰਦਰ ਸਿੰਘ ਘੁਬਾਇਆ ਨੇ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਬਣੇ ਪੁਰਾਣੇ ਬਸ ਸਟੈਂਡ ਤੋਂ ਬੱਸਾਂ ਦਾ ਆਉਣ-ਜਾਣ ਕਾਫ਼ੀ ਮੁਸ਼ਕਲ ਹੁੰਦਾ ਸੀ ਜਿਸ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਜਲਦ ਹੀ ਲੋਕਾਂ ਨੂੰ ਨਵੇਂ ਬਸ ਸਟੈਂਡ ਬਣਨ ਨਾਲ ਕਾਫ਼ੀ ਰਾਹਤ ਮਿਲੇਗੀ।
ਇਸ ਬਾਰੇ ਮੀਡਿਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਵਿੰਦਰ ਘੁਬਾਇਆ ਨੇ ਦੱਸਿਆ ਕਿ ਪਿਛਲੀ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਕੰਮਿਉਨਿਟੀ ਹਾਲ ਹਟਾਕੇ 4 ਏਕਡ਼ ਜਗ੍ਹਾ ਵਿੱਚ ਬਸ ਸਟੈਂਡ ਬਣਾਏ ਜਾਣ ਦੀ ਯੋਜਨਾ ਕੀਤੀ ਗਈ ਸੀ ਜੋ ਕਿ ਬਿਲਕੁੱਲ ਗਲਤ ਸੀ। ਅਸੀਂ ਇਸ ਜਗ੍ਹਾ 'ਤੇ ਕੰਮਿਉਨਿਟੀ ਹਾਲ ਲਈ ਅਲੱਗ ਤੋਂ ਜਗ੍ਹਾ ਛੱਡਕੇ ਨਵੇਂ ਸਿਰੇ ਤੋਂ 5 ਕਰੋਡ਼ 48 ਲੱਖ ਰੁਪਏ ਦੀ ਲਾਗਤ ਨਾਲ ਬਸ ਸਟੈਂਡ ਉਸਾਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਸਰਕਾਰ ਦੀ ਵੱਡੀ ਉਪਲਬਧੀ ਹੈ ਜੋ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ ।
ਬੱਸ ਸਟੈਂਡ ਬਣਾਉਣ ਵਾਲੇ ਠੇਕੇਦਾਰ ਨੇ ਦੱਸਿਆ ਕਿ 4 ਏਕੜ ਵਿੱਚ ਬਣਨ ਵਾਲੇ ਬੱਸ ਸਟੈਂਡ ਵਿੱਚ ਸਾਰੀਆਂ ਆਧੁਨਿਕ ਸੁਵਿਧਾਵਾਂ ਹੋਣਗੀਆਂ ਅਤੇ ਇਸ ਨੂੰ ਕਰੀਬ 1 ਸਾਲ ਵਿੱਚ ਬਣਾ ਕੇ ਜਨਤਾ ਨੂੰ ਭੇਂਟ ਕੀਤਾ ਜਾਵੇਗਾ।