ਫਾਜ਼ਿਲਕਾ : ਅਬੋਹਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਧਰਾਂਗਵਾਲਾ ਵਿੱਚੋਂ ਗੁਜ਼ਰਦੀ ਵਜੀਦਪੁਰ ਮਾਈਨਰ ਨਹਿਰ(Minor canal) 'ਚ ਤੇਜ਼ ਹਨ੍ਹੇਰੀ, ਮੀਂਹ ਅਤੇ ਗੜੇਮਾੜੀ ਕਾਰਨ ਪਾੜ ਪੈ ਗਿਆ। ਜਿਸਦੇ ਚੱਲਦਿਆਂ ਕਿਸਾਨਾਂ ਦੀ ਦੋ ਸੌ ਏਕੜ ਦੇ ਕਰੀਬ ਫਸਲ ਪਾਣੀ ਕਾਰਨ ਬਰਬਾਦ ਹੋ ਗਈ। ਜਿਸ ਨੂੰ ਲੈਕੇ ਕਿਸਾਨਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਆ ਗਈ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦੇਣ ਦੇ ਬਾਵਜੂਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਨਹੀਂ ਆਇਆ। ਜਿਸ ਕਾਰਨ ਕਿਸਾਨਾਂ ਵਲੋਂ ਖੁਦ ਹੀ ਇਸ ਪਾੜ ਨੂੰ ਪੂਰਿਆ ਗਿਆ।
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਕਿ ਹਨ੍ਹੇਰੀ ਅਤੇ ਮੀਂਹ ਕਾਰਨ ਮਾਈਨਰ ਨਹਿਰ ਦਾ ਬੰਨ੍ਹ ਟੁੱਟਿਆ ਹੈ। ਉਨ੍ਹਾਂ ਦਾ ਕਹਿਣਾ ਕਿ ਦਰੱਖਤ ਡਿੱਗਣ ਕਾਰਨ ਪਾਣੀ ਜਿਆਦਾ ਇਕੱਠਾ ਹੋ ਗਿਆ, ਜਿਸ ਦੇ ਚੱਲਦਿਆਂ ਨਹਿਰ ਦੇ ਬੰਨ੍ਹ 'ਚ ਪਾੜ ਪੈ ਗਿਆ। ਉਨ੍ਹਾਂ ਦਾ ਕਹਿਣਾ ਕਿ ਪਾਣੀ ਇੰਨਾ ਜਿਆਦਾ ਸੀ, ਜਿਸ ਨਾਲ ਦੋ ਸੌ ਏਕੜ ਦੇ ਕਰੀਬ ਨਰਮੇ ਦੀ ਫ਼ਸਲ ਖਰਾਬ ਹੋ ਗਈ।
ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਨਹਿਰ 'ਚ ਪਾੜ ਸਬੰਧੀ ਉਨ੍ਹਾਂ ਪ੍ਰਸ਼ਾਸਨ ਨੂੰ ਸੂਚਿਤ ਵੀ ਕੀਤਾ ਸੀ, ਪਰ ਕੋਈ ਵੀ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਨਹੀਂ ਆਇਆ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਸਰਕਾਰ ਤੋਂ ਮੁਾਅਵਜ਼ੇ ਦੀ ਮੰਗ ਕੀਤੀ ਹੈ।