ਫ਼ਾਜ਼ਿਲਕਾ : ਕੋਰੋਨਾ ਵਾਇਰਸ ਦੀ ਮਹਾਂਮਾਰੀ ਸੰਸਾਰ ਭਰ ਵਿੱਚ ਫੈਲੀ ਹੋਈ ਹੈ। ਇਸ ਰੋਗ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ ਲੌਕਡਾਊਨ ਕੀਤਾ ਗਿਆ। ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਜੇਕਰ ਕਿਸੇ ਨੂੰ ਜਰੂਰੀ ਕੰਮ ਕਾਰਨ ਬਾਹਰ ਨਿਕਲਣਾ ਹੈ ਤਾਂ ਉਸਨੂੰ ਕਰੀਬ 6 ਫੁੱਟ ਦੀ ਦੂਰੀ ਬਣਾਕੇ ਰੱਖਣ ਦੇ ਨਿਯਮ ਬਣਾਏ ਗਏ ਹਨ ਪਰ ਫ਼ਾਜ਼ਿਲਕਾ ਦੀ ਸਬਜ਼ੀ ਮੰਡੀ ਤੋਂ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆ ਹਨ।
ਫ਼ਾਜ਼ਿਲਕਾ ਦੀ ਸਬਜ਼ੀ ਮੰਡੀ 'ਚ ਕੋਈ ਵੀ ਨਿਯਮ ਲਾਗੂ ਹੁੰਦਾ ਨਹੀਂ ਦਿਖਾਈ ਦੇ ਰਿਹਾ। ਸਬਜ਼ੀ ਮੰਡੀ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਪ੍ਰਸ਼ਾਸਨ ਵੀ ਨਿਯਮ ਲਾਗੂ ਕਰਵਾਉਣ ਵਿੱਚ ਨਾਕਾਮ ਵਿਖਾਈ ਦੇ ਰਿਹਾ ਹੈ।
ਸਬਜ਼ੀ ਮੰਡੀ ਦੇ ਆੜਤੀਏ ਅਤੇ ਸਬਜ਼ੀ ਮੰਡੀ ਦੇ ਪ੍ਰਧਾਨ ਨੇ ਕਿਹਾ ਕਿ ਮੰਡੀਆਂ ਵਿੱਚ ਸਬਜ਼ੀ ਜ਼ਿਆਦਾ ਆਉਣ ਦੇ ਕਾਰਨ ਸਮਾਜਿਕ ਦੂਰੀ ਨਹੀਂ ਬਣਾਈ ਜਾ ਸਕਦੀ, ਕਿਉਂਕਿ ਲੋਕ ਮਜ਼ਬੂਰੀ ਦੇ ਚਲਦੇ ਹਜ਼ਾਰਾਂ ਦੀ ਗਿਣਤੀ ਵਿੱਚ ਮੰਡੀ ਵਿੱਚ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਸਮਾਜਿਕ ਦੁੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨਗੇ।
ਦੂਜੇ ਪਾਸੇ ਸਬਜ਼ੀ ਮੰਡੀ ਵਿੱਚ ਤਾਇਨਾਤ ਪੁਲਿਸ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸਬਜ਼ੀ ਮੰਡੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਗੋਲ ਦਾਇਰੇ ਵਿੱਚ ਹੀ ਆਪਣੀ ਸਬਜੀਆਂ ਵੇਚਣ ਤੇ ਕਾਨੂੰਨ ਨੂੰ ਲਾਗੂ ਕਰਵਾਉਣ 'ਚ ਮਦਦ ਕਰਨ।