ਫ਼ਾਜਿਲਕਾ: ਕਹਿੰਦੇ ਹਨ ਕਿ ਜੇਕਰ ਤੀਸਰਾ ਵਿਸ਼ਵ ਯੁੱਧ ਹੋਇਆ ਤਾਂ ਉਹ ਪਾਣੀ ਨੂੰ ਲੈ ਕੇ ਹੋਏਗਾ ਅਤੇ ਪਾਣੀ ਅਜਿਹੀ ਚੀਜ਼ ਹੈ ਜੋ ਕਿ ਇਨਸਾਨ ਵੱਲੋਂ ਪੈਦਾ ਨਹੀਂ ਕੀਤੀ ਜਾ ਸਕਦੀ। ਪਾਣੀ ਜ਼ਮੀਨਾਂ ਵਿੱਚ ਡੂੰਗਾ ਹੁੰਦਾ ਜਾ ਰਿਹਾ ਹੈ ਅਤੇ ਸਹੀ ਸਮੇਂ ਤੇ ਪਾਣੀ ਦੀ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਕੁੱਝ ਹੀ ਸਾਲਾਂ ਵਿੱਚ ਪਾਣੀ ਲਈ ਜੰਗ ਛਿੜ ਸਕਦੀ ਹੈ। ਇਸੇ ਤਹਿਤ ਪਾਣੀ ਨੂੰ ਬਚਾਉਣ ਲਈ ਫ਼ਾਜਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਲਘੂ ਫਿਲਮ ਬਣਾਈ ਗਈ ਹੈ ਜਿਸ ਵਿੱਚ ਘਰਾਂ, ਖੇਤੀ ਅਤੇ ਫ਼ੈਕਟਰੀਆਂ ਵਿੱਚ ਪਾਣੀ ਦੀ ਦੁਰਵਰਤੋਂ ਨੂੰ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ।
ਇਸ ਲਘੂ ਫਿਲਮ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਫ਼ਾਜਿਲਕਾ ਦੇ ਡੀ.ਸੀ. ਮਨਪ੍ਰੀਤ ਸਿੰਘ ਛਤਵਾਲ ਨੇ ਦੱਸਿਆ ਕਿ ਭੂਜਲ ਦੇ ਡਿੱਗਦੇ ਪੱਧਰ ਨੂੰ ਲੈ ਕੇ ਪੂਰੀ ਦੁਨੀਆ ਚਿੰਤਤ ਹੈ ਅਤੇ ਫ਼ਾਜਿਲਕਾ ਇਲਾਕੇ ਵਿੱਚ ਵੀ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਚਲਾ ਗਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਾਣੀ ਦੀ ਬੱਚਤ 'ਤੇ 4 ਮਹੀਨੀਆਂ ਵਿੱਚ ਇੱਕ ਲਘੂ ਫਿਲਮ ਬਣਾਈ ਗਈ ਹੈ।
ਇਸ ਫ਼ਿਲਮ ਵਿੱਚ ਘਰਾਂ, ਫੈਕਟਰੀਆਂ ਅਤੇ ਖੇਤੀ ਵਿੱਚ ਕਿੱਥੇ, ਕਿਵੇਂ ਪਾਣੀ ਦਾ ਇਸਤਮਾਲ ਕਰਨਾ ਹੈ ਅਤੇ ਕਿਵੇਂ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਲਘੂ ਫਿਲਮ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਵੀ ਭੇਜਿਆ ਜਾਵੇਗਾ ਅਤੇ ਇਹ ਫ਼ਿਲਮ ਫ਼ਾਜਿਲਕਾ ਦੇ ਸਿਨੇਮਾਘਰਾਂ ਵਿੱਚ ਵੀ ਵਿਖਾਈ ਜਾਏਗੀ ਤਾਂ ਜੋ ਲੋਕ ਪਾਣੀ ਦੀ ਬਚਤ ਨੂੰ ਲੈ ਜਾਗਰੂਕ ਹੋ ਪਾਉਣ।