ਜਲਾਲਾਬਾਦ: ਕਿਸਾਨਾਂ ਵੱਲੋਂ ਨਿਜ਼ਾਮਾਂ ਨਹਿਰ ਚੋਂ ਰਾਣਾ ਮਾਈਨਰ ਕੱਢੇ ਜਾਣ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਸਥਾਨਕ ਕਮਿਊਨਿਟੀ ਹਾਲ ਵਿੱਚ ਇਕੱਠ ਕੀਤਾ ਗਿਆ। ਜਿਸ ਵਿੱਚ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਂਵਲਾ ਵੀ ਪਹੁੰਚੇ ਅਤੇ ਸਾਬਕਾ ਮੰਤਰੀ ਹੰਸਰਾਜ ਜੋਸਨ ਵੀ ਪਹੁੰਚੇ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਨਿਜ਼ਾਮਾਂ ਨਹਿਰ ਚੋਂ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਪਾਣੀ ਨਹੀਂ ਮਿਲਦਾ ਜਦਕਿ ਹੁਣ ਰਾਣਾ ਮਾਈਨਰ ਨਹਿਰ ਕੱਢੀ ਜਾ ਰਹੀ ਜਿਸ ਕਾਰਨ ਭਵਿੱਖ ਚ ਕਿਸਾਨਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਹਿਰ ਦੀ ਕਿਊਸਕ 450 ਹੈ ਜਿਸ ਕਾਰਨ ਇਸਨੂੰ ਹੋਰ ਵੀ ਜਿਆਦਾ ਚੌੜਾ ਕਰਨ ਦੀ ਲੋੜ ਹੈ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਚਾਹੇ ਫਿਰ ਮਾਈਨਰ ਕੱਢ ਲਈ ਜਾਵੇ ਤਾਂ ਫਿਰ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਕਾਂਗਰਸ ਦਾ ਕੀਤਾ ਜਾਵੇਗਾ ਵਿਰੋਧ
ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਪਾਣੀ ਦੀ ਸਮੱਸਿਆ ਹੱਲ ਹੋਣ ਤੋਂ ਪਹਿਲਾਂ ਇਸ ਮਾਈਨਰ ਨੂੰ ਨਹੀਂ ਕੱਢਣ ਦੇਵਾਂਗੇ ਚਾਹੇ ਇਸ ਲਈ ਉਨ੍ਹਾਂ ਨੂੰ ਧਰਨਾ ਕਿਉਂ ਨਾ ਲਗਾਉਣਾ ਪਵੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਹ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ ਪਰ ਜੇਕਰ ਇਸ ਤਰ੍ਹਾਂ ਬਿਨਾਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੱਢੇ ਮਾਈਨਰ ਕੱਢਿਆ ਗਿਆ ਤਾਂ ਉਹ ਕਾਂਗਰਸ ਪਾਰਟੀ ਦਾ ਵੀ ਵਿਰੋਧ ਕਰਨਗੇ। ਕਿਸੇ ਵੀ ਵਿਧਾਇਕ ਤੇ ਮੰਤਰੀ ਨੂੰ ਪਿੰਡ ਚ ਵੜਨ ਨਹੀਂ ਦਿੱਤਾ ਜਾਵੇਗਾ। ਵਿਧਾਇਕ ਆਵਲਾ ਦਾ ਵੀ ਕਾਲੀ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ।
ਇਹ ਵੀ ਪੜੋ: ਓਮ ਪ੍ਰਕਾਸ਼ ਚੌਟਾਲਾ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਮਾਮਲੇ ’ਚ ਈਡੀ ਦੇ ਸਾਬਕਾ ਨਿਰਦੇਸ਼ਕ ਨੇ ਦਿੱਤੀ ਗਵਾਹੀ
ਵਿਧਾਇਕ ਨੇ ਕਿਸਾਨਾਂ ਨੂੰ ਦਿੱਤਾ ਭਰੋਸਾ
ਦੂਜੇ ਪਾਸੇ ਇਸ ਮੌਕੇ ’ਤੇ ਜਲਾਲਾਬਾਦ ਪਹੁੰਚੇ ਵਿਧਾਇਕ ਰਮਿੰਦਰ ਆਵਲਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਪਾਣੀ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਦੇ ਨਾਲ ਹਰ ਵੇਲੇ ਖੜ੍ਹੇ ਹਨ ਚਾਹੇ ਉਨ੍ਹਾਂ ਨੂੰ ਧਰਨਾ ਕਿਉਂ ਨਾ ਲਗਾਉਣਾ ਪਵੇ ਜੇ ਅਸਤੀਫਾ ਦੇਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਇਸ ਸਮੱਸਿਆ ਦੇ ਹੱਲ ਲਈ ਉਹ ਮੁੱਖ ਮੰਤਰੀ ਨਾਲ ਵੀ ਗੱਲ ਕਰਨਗੇ।