ਫਾਜ਼ਿਲਕਾ: ਵਿਧਾਇਕ ਅਰੁਣ ਨਾਰੰਗ ਨਾਲ ਬੀਤੇ ਦਿਨੀਂ ਮਲੋਟ ’ਚ ਵਾਪਰੀ ਮੰਦਭਾਗੀ ਘਟਨਾ ਨੂੰ ਲੈ ਕੇ ਭਾਜਪਾ ਵੱਲੋਂ ਅਬੋਹਰ ਸ਼ਹਿਰ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਅਬੋਹਰ ਦੇ ਸਮਰੱਥ ਦੁਕਾਨਦਾਰਾਂ ਨੇ ਭਰਪੂਰ ਸਮਰਥਨ ਦਿੱਤਾ।
ਇਸ ਦੌਰਾਨ ਭਾਜਪਾ ਦੇ ਹਜ਼ਾਰਾਂ ਵਰਕਰਾਂ ਨੇ ਇਕੱਠੇ ਹੋ ਕੇ ਸਾਰੇ ਬਾਜ਼ਾਰ ਦਾ ਚੱਕਰ ਕੱਟਿਆ ਅਤੇ ਵਰਤਮਾਨ ਸੂਬਾ ਸਰਕਾਰ ਅਤੇ ਪੁਲਿਸ ਦੀ ਜੰਮ ਕੇ ਨਿਖੇਧੀ ਕੀਤੀ। ਇਸ ਮੌਕੇ ਵਿਧਾਇਕ ਅਰੁਣ ਨਾਰੰਗ ਨੇ ਸੂਬਾ ਸਰਕਾਰ ’ਤੇ ਵਿਅੰਗ ਕਸਦਿਆਂ ਕਿਹਾ ਕਿ ਪੁਲਿਸ ਨੇ ਸੁਰੱਖਿਆ ਤਾਂ ਉਨ੍ਹਾਂ ਦੀ ਕੀ ਕਰਨੀ ਸੀ, ਉਲਟਾ ਉਨ੍ਹਾਂ ਨੂੰ ਭੀੜ ਦੇ ਹਵਾਲੇ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਪੁਲਸ ਕਰਮਚਾਰੀ ਦੀ ਹੱਥ ਵਿਚ ਇਕ ਸੋਟੀ ਤਕ ਨਹੀਂ ਸੀ ਸੁਰੱਖਿਆ ਕਰਨੀ ਤਾਂ ਦੂਰ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਗੜਬੜਾ ਗਈ ਹੈ। ਲੋਕਤੰਤਰ ਦੀ ਹੱਤਿਆ ਹੋ ਚੁੱਕੀ ਹੈ, ਜਦੋਂਕਿ ਅੱਜ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਕਿ ਕੋਈ ਵੀ ਪ੍ਰੈੱਸ ਸਾਹਮਣੇ ਆਪਣੀ ਗੱਲ ਵੀ ਨਹੀਂ ਆਜ਼ਾਦੀ ਨਾਲ ਨਹੀ ਕਹਿ ਸਕਦਾ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਮੌਜੂਦਾ ਅਮਨ ਕਾਨੂੰਨ ਦੀ ਸਥਿਤੀ ਨੂੰ ਦੇਖਦਿਆਂ ਹੋਇਆ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਹੀ ਤਿਆਗ ਪੱਤਰ ਦੇ ਦੇਣਾ ਚਾਹੀਦਾ ਹੈ।