ਫਾਜ਼ਿਲਕਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਅਧਿਆਪਕਾਂ ਦੀ ਮੀਟਿੰਗ ਹੋਈ ਸੀ। ਖਾਣੇ ਦੌਰਾਨ ਅਧਿਆਪਕਾਂ ਦੇ ਵੱਲੋਂ ਮਚਾਈ ਗਈ ਅਫ਼ਰਾ ਤਫ਼ਰੀ ਦੀ ਵਾਇਰਲ ਹੋਈ ਵੀਡੀਓ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਦੇ ਵੱਲੋਂ ਵੀਡੀਓ 'ਚ ਪਹਿਚਾਣੇ ਗਏ ਸੱਤ ਅਧਿਆਪਕਾਂ ਦੇ ਵਿੱਚੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਪੰਜ ਅਧਿਆਪਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਦੱਸ ਦਈਏ ਕਿ ਬੀਤੀ 10 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦੀ ਮੀਟਿੰਗ ਬੁਲਾਈ ਗਈ ਸੀ ਜਿਸ ਦੇ ਵਿਚ ਮੀਟਿੰਗ ਤੋਂ ਬਾਅਦ ਅਧਿਆਪਕਾਂ ਦੇ ਲਈ ਕੀਤੇ ਗਏ ਖਾਣੇ ਦੇ ਪ੍ਰਬੰਧ ਦੇ ਦੌਰਾਨ ਮਚਾਈ ਗਈ ਅਫ਼ਰਾ ਤਫ਼ਰੀ ਅਨੁਸ਼ਾਸਨਹੀਣਤਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।
ਜਿਸ ਤੋਂ ਬਾਅਦ ਪੰਜਾਬ ਦੇ ਬੁੱਧੀਜੀਵੀ ਲੋਕਾਂ ਅਤੇ ਵਿਰੋਧੀ ਧਿਰ ਵੱਲੋਂ ਅਧਿਆਪਕਾਂ ਦੇ ਇਸ ਕਾਰਨਾਮੇ ਨੂੰ ਕਾਫੀ ਸ਼ਰਮਨਾਕ ਦੱਸਿਆ ਗਿਆ ਸੀ।ਮਹਿਕਮੇ ਵੱਲੋਂ ਇਸ ਵਾਇਰਲ ਹੋਈ ਵੀਡੀਓ 'ਤੇ ਸਖ਼ਤ ਐਕਸ਼ਨ ਲੈਂਦਿਆਂ ਇਸ ਦੀ ਵਿਭਾਗੀ ਜਾਂਚ ਕੀਤੀ ਗਈ ਸੀ। ਜਾਂਚ ਦੇ ਦੌਰਾਨ 7 ਅਧਿਆਪਕਾਂ ਦੀ ਪਹਿਚਾਣ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 5 ਅਧਿਆਪਕ ਜ਼ਿਲ੍ਹਾ ਫ਼ਾਜ਼ਿਲਕਾ ਦੇ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਨੂੰ ਵਿਭਾਗ ਦੇ ਵੱਲੋਂ ਆਪਣਾ ਪੱਖ ਰੱਖਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਜਿਸ ਸਬੰਧੀ ਗੱਲਬਾਤ ਕਰਦਿਆਂ ਫਾਜ਼ਿਲਕਾ ਦੇ ਡੀਈਓ ਸੁਖਬੀਰ ਸਿੰਘ ਬੱਲ ਨੇ ਦੱਸਿਆ ਕਿ ਵਾਇਰਲ ਹੋਈ ਵੀਡੀਓ ਦੇ ਵਿਚੋਂ 7 ਅਧਿਆਪਕ ਨਾਮਜ਼ਦ ਕੀਤੇ ਗਏ ਹਨ। ਜਿਨ੍ਹਾਂ ਦੇ ਵਿੱਚੋਂ 5 ਅਧਿਆਪਕ ਜ਼ਿਲ੍ਹਾ ਫਾਜ਼ਿਲਕਾ ਦੇ ਨਾਲ ਸਬੰਧਤ ਹਨ ਜਿਨ੍ਹਾਂ ਵਿੱਚੋਂ 3 ਹੈੱਡਮਾਸਟਰ 1 ਪ੍ਰਿੰਸੀਪਲ ਅਤੇ ਇਕ ਬੀਪੀਈਓ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਵਾਪਰੀ ਘਟਨਾ ਕਾਫੀ ਮੰਦਭਾਗੀ ਸੀ। ਜਿਸ ਨੂੰ ਲੈ ਕੇ ਮਹਿਕਮੇ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਆਪਣਾ ਪੱਖ ਰੱਖਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੇ ਵੱਲੋਂ ਆਪਣਾ ਪੱਖ ਰੱਖਣ ਤੋਂ ਬਾਅਦ ਸਟੇਟ ਦੇ ਵੱਲੋਂ ਫੈਸਲਾ ਕੀਤਾ ਜਾਏਗਾ ।
ਇਹ ਵੀ ਪੜ੍ਹੋ:- ਪੰਜਾਬ ’ਚ ਅਰਧ ਸੈਨਿਕ ਬਲ ਤਾਇਨਾਤ, 6 ਜੂਨ ਨੂੰ ਘੱਲੂਘਾਰਾ ਦਿਵਸ ਮੌਕੇ ਮਾਹੌਲ ਖਰਾਬ ਹੋਣ ਦਾ ਖਦਸ਼ਾ !