ਫਾਜ਼ਿਲਕਾ: ਹਲਕਾ ਜਲਾਲਾਬਾਦ ਵਿੱਚ ਤਕਰੀਬਨ ਪੰਦਰਾਂ ਦਿਨ ਪਹਿਲਾਂ ਇੱਕ ਵਿਆਹੁਤਾ ਜੋੜੇ ਵੱਲੋਂ ਸੁਸਾਈਡ ਨੋਟ ਲਿੱਖ ਨਹਿਰ ਵਿੱਚ ਛਾਲ ਮਾਰ ਖੁਦਕੁਸ਼ੀ ਕਰਨ ਦੀ ਤਿਆਰੀ ਕੀਤੇ ਜਾਣ ਦਾ ਮਾਮਲਾ ਸਾਮਣੇ ਆਇਆ ਸੀ। ਮਾਮਲੇ ਵਿੱਚ ਨਵਾਂ ਮੋੜ ਉਦੋਂ ਆਇਆ ਜਦ ਨਹਿਰ 'ਤੇ ਛਾਲ ਮਾਰਨ ਗਏ ਪਤੀ ਪਤਨੀ ਵਿੱਚੋਂ ਪਤਨੀ ਨਹਿਰ ਵਿੱਚ ਰੁੜ ਗਈ ਅਤੇ ਪਤੀ ਸਹੀ ਸਲਾਮਤ ਬਚ ਗਿਆ।
ਪਤੀ ਨੇ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ ਕਿ ਆਰਥਿਕ ਤੰਗੀ ਦੇ ਚੱਲਦਿਆਂ ਉਹਾ ਦੋਵੇ ਪਤੀ ਪਤਨੀ ਖੁਦਕੁਸ਼ੀ ਕਰਨ ਲਈ ਨਹਿਰ 'ਤੇ ਗਏ ਸਨ। ਪਰ ਉਸਦੀ ਪਤਨੀ ਪਾਣੀ ਵਿੱਚ ਰੁੜ ਗਈ, ਜਦਕਿ ਉਸ ਨੂੰ ਇੱਕ ਰਾਹਗੀਰ ਨੇ ਪੱਗ ਸੁੱਟ ਕੇ ਬਚਾ ਲਿਆ ਸੀ। ਇਹ ਪੂਰੀ ਘਟਨਾ 6 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਪਰ ਪੰਦਰਾਂ ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹਿਰ ਵਿੱਚ ਛਾਲ ਮਾਰਨ ਵਾਲੀ ਪੂਜਾ ਦੀ ਲਾਸ਼ ਹੁਣ ਤੱਕ ਬਰਾਮਦ ਨਹੀਂ ਹੋਈ। ਅਤੇ ਪਤੀ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਧਰ ਪੀੜਿਤ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਨ ਨੂੰ ਮਜ਼ਬੂਰ ਹੈ। ਪੀੜਿਤ ਪਰਿਵਾਰ ਨੇ ਪਤੀ ਤੇ ਇਲਜ਼ਾਮ ਲਾਇਆ ਹੈ ਕਿ ਉਸਨੇ ਪਤਨੀ ਨੂੰ ਗਾਇਬ ਕੀਤਾ ਹੈ। ਪਰ ਪੁਲਿਸ ਹੁਣ ਤੱਕ ਇਸ ਮਾਮਲੇ 'ਚ ਸੁਸਤੀ ਦਿੱਖਾ ਰਹੀ ਹੈ।
ਪੀੜਿਤ ਊਸ਼ਾ ਰਾਨੀ ਨੇ ਦੋਸ਼ ਲਗਾਇਆ ਕਿ ਇੱਕ ਸਥਾਨਕ ਕਾਂਗਰਸੀ ਲੀਡਰ ਵੱਲੋਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਸ਼ਾ ਮੁਤਾਬਿਕ ਉਸਦੀ ਬੇਟੀ ਖੁਦਕੁਸ਼ੀ ਨਹੀਂ ਕਰ ਸਕਦੀ, ਉਸਨੂੰ ਨਹਿਰ 'ਚ ਧੱਕਾ ਮਾਰ ਕਤਲ ਕੀਤਾ ਗਿਆ ਹੈ। ਅਤੇ ਹੁਣ ਆਰੋਪੀ ਪਤੀ ਕਾਂਗਰਸੀ ਲੀਡਰ ਦੀ ਸ਼ਹਿ ਤੇ ਖੁੱਲ੍ਹੇਆਮ ਘੁੰਮ ਰਿਹਾ ਹੈ।
ਉਂਧਰ ਲੜਕੀ ਦੇ ਰਿਸ਼ਤੇਦਾਰ ਸੁਨੀਲ ਕੁਮਾਰ ਅਤੇ ਨਰੇਸ਼ ਕੁਮਾਰ ਨੇ ਗੱਲਬਾਤ ਕਰਦੇ ਹੋਏ ਦੋਸ਼ ਲਾਏ ਕਿ ਕਾਂਗਰਸੀ ਲੀਡਰ ਪ੍ਰਿਥਵੀ ਰਾਜ ਦੇ ਦਬਾਅ ਦੇ ਚੱਲਦਿਆਂ ਪੁਲਿਸ ਵੱਲੋਂ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਾਂਗਰਸੀ ਲੀਡਰ ਵੱਲੋਂ ਵਾਰ-ਵਾਰ ਪੀੜਤ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮਾਮਲੇ ਤੇ ਪੁਲਿਸ ਵੱਲੋਂ ਆਖਿਰਕਾਰ ਪੰਦਰਾਂ ਦਿਨਾਂ ਬਾਅਦ ਆਰੋਪੀ ਦੇ ਖਿਲਾਫ ਥਾਣਾ ਵੈਰੋ ਵਿੱਚ ਧਾਰਾ 306 ਅਤੇ 309 ਦੇ ਤਹਿਤ ਖੁਦਕੁਸ਼ੀ ਲਈ ਉਕਸਾਉਣ ਦਾ ਮੁਕੱਦਮਾ ਦਰਜ ਕਰ ਲਿਆ ਗਿਆ। ਡੀਐੱਸਪੀ ਸਬ ਡਿਵੀਜ਼ਨ ਜਲਾਲਾਬਾਦ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਾਪਤਾ ਪੂਜਾ ਦੇ ਪਤੀ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਪੂਜਾ ਦੀ ਜ਼ਿੰਦਾ ਜਾਂ ਮੁਰਦਾ ਭਾਲ ਕੀਤੀ ਜਾ ਰਹੀ ਹੈ। ਪੂਜਾ ਦੇ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ।