ਫ਼ਾਜ਼ਿਲਕਾ: ਪਿਛਲੇ ਦਿਨੀਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਉੱਥੇ ਹੀ ਕਈਆਂ ਲਈ ਇਹ ਆਫ਼ਤ ਸਾਬਤ ਹੋਏ ਹਨ।
ਜ਼ਿਲ੍ਹੇ ਦੇ ਹਲਕਾ ਅਬੋਹਰ ਵਿੱਚ ਪੈਂਦੇ ਅਜੀਤ ਨਗਰ ਵਿੱਚ ਅੱਜ ਤੜਕਸਾਰ ਇੱਕ ਘਰ ਦੀ ਛੱਤ ਡਿੱਗ ਗਈ। ਘਰ ਦੇ ਮਲਬੇ ਹੇਠਾਂ ਦਬਣ ਨਾਲ ਇੱਕ 6 ਸਾਲਾ ਬੱਚੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਭਰਾ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਮ੍ਰਿਤਕਾ ਬੱਚੀ ਦੇ ਪਿਤਾ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਦੇ ਕਮਰੇ ਦੀ ਛੱਤ ਡਿੱਗ ਗਈ ਹੈ, ਜਿਸ ਬਾਰੇ ਉਸ ਨੂੰ ਉਸ ਦੀ ਮਾਤਾ ਨੇ ਦੱਸਿਆ। ਸੁਨੀਲ ਨੇ ਦੱਸਿਆ ਕਿ ਜਿਵੇਂ ਹੀ ਉਹ ਅੰਦਰ ਗਿਆ ਤਾਂ ਉਸ ਦੀ 6 ਸਾਲਾ ਬੱਚੀ ਮਲਬੇ ਹੇਠਾਂ ਦੱਬੀ ਹੋਈ ਸੀ, ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਰ ਉਸ ਦਾ ਬੇਟਾ ਵੰਸ਼ ਜੋ ਕਿ ਕੰਧ ਦੇ ਨਾਲ ਢਾਹ ਲਾ ਕੇ ਜ਼ਖ਼ਮੀ ਹਾਲਤ ਵਿੱਚ ਬੈਠਾ ਹੋਇਆ ਸੀ, ਉਸ ਨੂੰ ਅਸੀਂ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ।
ਉਥੇ ਹੀ ਸੁਨੀਲ ਕੁਮਾਰ ਦੇ ਗੁਆਂਢੀ ਰਾਘਵ ਨੇ ਦੱਸਿਆ ਕਿ ਸਾਨੂੰ ਘਰ ਵਿੱਚੋਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ। ਜਿਵੇਂ ਹੀ ਅਸੀਂ ਉਨ੍ਹਾਂ ਦੇ ਘਰ ਗਏ ਤਾਂ ਦੇਖਿਆ ਕਿ ਸੁਨੀਲ ਦੀ 6 ਸਾਲਾ ਬੱਚੀ ਛੱਤ ਦੇ ਮਲਬੇ ਹੇਠਾਂ ਦੱਬੀ ਹੋਈ ਸੀ ਅਤੇ ਉਸ ਦਾ ਬੇਟਾ ਗੰਭੀਰ ਰੂਪ ਵਿੱਚ ਜ਼ਖ਼ਮੀ ਸੀ।
ਰਾਘਵ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਬਹੁਤ ਗ਼ਰੀਬ ਪਰਿਵਾਰ ਹੈ। ਪ੍ਰਸ਼ਾਸਨ ਨੂੰ ਪਰਿਵਾਰ ਦੀ ਆਰਥਿਕ ਤੌਰ ਉੱਤੇ ਮਦਦ ਕਰਨੀ ਚਾਹੀਦੀ ਹੈ। ਉਸ ਨੇ ਦੱਸਿਆ ਕਿ ਇਨ੍ਹਾਂ ਦੇ ਘਰ ਮੀਂਹ ਦਾ ਪਾਣੀ ਵੜ ਗਿਆ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ ਹੈ।