ਫ਼ਾਜ਼ਿਲਕਾ: ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਦੀ ਲਾਪਰਵਾਹੀ ਨਾਲ 22 ਸਾਲਾ ਲੜਕੀ ਦੀ ਮੌਤ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੇ ਨਸ਼ੇ ਦੀ ਹਾਲਤ ਵਿੱਚ ਬੀਮਾਰ ਲੜਕੀ ਨੂੰ ਨਸ਼ੇ ਦੇ ਟੀਕੇ ਲਗਾ ਦਿੱਤਾ, ਜਿਸ ਕਾਰਨ ਮੌਤ ਹੋ ਗਈ। ਪੁਲਿਸ ਨੇ ਡਾਕਟਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਟਰੇਸਾ ਪੂਜਾ ਦੇ ਪਿਤਾ ਰਮੇਸ਼ ਮਸੀਹ ਨੇ ਦੱਸਿਆ ਕਿ ਉਹ ਇਥੇ ਸਦਰ ਥਾਣੇ ਵਿੱਚ ਆਪਣੀ ਪੰਜਾਬ ਹੋਮਗਾਰਡ ਦੀ ਡਿਊਟੀ 'ਤੇ ਤੈਨਾਤ ਸੀ, ਜਿਸ ਦੌਰਾਨ ਉਸ ਨੂੰ ਟਰੇਸਾ ਪੂਜਾ ਦੇ ਢਿੱਡ ਵਿੱਚ ਦਰਦ ਅਤੇ ਉਲਟੀਆਂ ਕਾਰਨ ਬੀਮਾਰ ਹੋਣ ਬਾਰੇ ਪਤਾ ਲੱਗਿਆ। ਉਸ ਨੇ ਤੁਰੰਤ ਲੜਕੀ ਨੂੰ ਸ਼ਹਿਰ ਦੇ ਇੱਕ ਡਾ. ਰਮੇਸ਼ ਗੁਪਤਾ ਦੇ ਹਸਪਤਾਲ ਵਿੱਚ ਲੜਕੀ ਨੂੰ ਦਾਖ਼ਲ ਕਰਵਾਇਆ।
ਮ੍ਰਿਤਕਾ ਦੇ ਪਿਤਾ ਨੇ ਕਿਹਾ ਕਿ ਇੱਕ ਦਿਨ ਤਾਂ ਲੜਕੀ ਦੀ ਹਾਲਤ ਠੀਕ ਰਹੀ ਪਰ ਅਗਲੇ ਦਿਨ ਰਾਤ ਨੂੰ 10 ਵਜੇ ਡਾਕਟਰ ਗੁਪਤਾ ਨੇ ਨਸ਼ੇ ਦੀ ਹਾਲਤ ਵਿੱਚ ਲੜਕੀ ਪੂਜਾ ਨੂੰ ਇਲਾਜ ਦੌਰਾਨ ਕਈ ਇੰਜੈਕਸ਼ਨ ਅਤੇ ਬੋਤਲਾਂ ਲਗਾ ਦਿੱਤੇ। ਉਪਰੰਤ ਅੱਧੇ ਘੰਟੇ ਬਾਅਦ ਲੜਕੀ ਦੀ ਹਾਲਤ ਵਿਗੜਦੀ ਵੇਖ ਡਾਕਟਰ ਨੇ ਧੱਕੇ ਨਾਲ ਉਨ੍ਹਾਂ ਨੂੰ ਲੜਕੀ ਕਿਸੇ ਹੋਰ ਹਸਪਤਾਲ ਲਿਜਾਉਣ ਲਈ ਕਿਹਾ। ਜਦੋਂ ਦੂਜੇ ਹਸਪਤਾਲ ਲੈ ਕੇ ਗਏ ਤਾਂ ਉਥੋਂ ਜਵਾਬ ਮਿਲ ਗਿਆ ਅਤੇ ਜਦੋਂ ਉਹ ਲੜਕੀ ਨੂੰ ਗੰਗਾਨਗਰ ਲੈ ਕੇ ਜਾਣ ਤਾਂ ਲੜਕੀ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਨੇ ਇਸ ਮੌਕੇ ਦੋਸ਼ ਲਾਏ ਕਿ ਡਾ. ਰਮੇਸ਼ ਗੁਪਤਾ ਨੇ ਉਸਦੀ ਲੜਕੀ ਨੂੰ ਨਸ਼ੇ ਦੇ ਟੀਕੇ ਲਾ ਕੇ ਮੌਤ ਦੇ ਘਾਟ ਉਤਾਰਿਆ ਹੈ। ਉਨ੍ਹਾਂ ਕੋਲ ਬਿੱਲ ਅਤੇ ਖਾਲੀ ਇੰਜੈਕਸ਼ਨ ਵੀ ਪਏ ਹਨ।
ਮਾਮਲੇ ਸਬੰਧੀ ਸਬ ਡਿਵੀਜ਼ਨ ਫ਼ਾਜ਼ਿਲਕਾ ਦੇ ਡੀਐਸਪੀ ਜਸਬੀਰ ਸਿੰਘ ਨੇ ਕਿਹਾ ਕਿ ਲੜਕੀ ਟਰੇਸਾ ਪੂਜਾ ਦੇ ਪਿਤਾ ਰਮੇਸ਼ ਮਸੀਹ ਦੇ ਬਿਆਨਾਂ 'ਤੇ ਡਾ. ਰਮੇਸ਼ ਗੁਪਤਾ ਵਿਰੁੱਧ ਧਾਰਾ 304 ਅਧੀਨ ਕੇਸ ਦਰਜ ਕਰ ਲਿਆ ਹੈ। ਘਟਨਾ ਉਪਰੰਤ ਡਾਕਟਰ ਆਪਣੇ ਹਸਪਤਾਲ ਨੂੰ ਤਾਲਾ ਲਗਾ ਕੇ ਭੱਜ ਗਿਆ ਹੈ।
ਉਨ੍ਹਾਂ ਕਿਹਾ ਕਿ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਪਰੰਤ ਰਿਪੋਰਟ ਆਉਣ 'ਤੇ ਜਿਹੜੀ ਕਾਰਵਾਈ ਹੋਵੇਗੀ ਡਾਕਟਰ ਵਿਰੁੱਧ ਕੀਤੀ ਜਾਵੇਗੀ।