ਸ੍ਰੀ ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਭਗੜਾਣਾ ਵਿੱਚ ਨਵੀਂ ਬਨਣ ਜਾ ਰਹੀ ਆਈ.ਟੀ.ਆਈ. ਦਾ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਕੈਬੀਨਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤਰਖਾਣ ਮਾਜਰਾ ਵਿੱਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਣਾ ਵਿੱਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਚੰਨੀ ਨੇ ਕਿਹਾ ਕਿ 'ਇਹ ਕੋਈ ਬਾਦਲਾਂ ਦੀ ਸਰਕਾਰ ਨਹੀਂ ਕਿ ਮਿਲਜੁਲਕੇ ਬੇਅਦਬੀਆਂ ਕਰਵਾਈ ਜਾਓ ਅਤੇ ਸਜਾ ਨਾ ਦਿਓ' , ਅਸੀਂ ਇਸ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਵਾਂਗੇ।
ਇਸ ਮੌਕੇ ਅਕਾਲੀ ਦਲ ਅਤੇ ਭਾਜਪਾ ਉੱਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਦਲਿਤ ਵਿਰੋਧੀ ਪਾਰਟੀਆਂ ਹਨ ਪਰ ਪੰਜਾਬ ਦੀ ਕਾਂਗਰਸ ਸਰਕਾਰ ਆਪਣਾ ਫ਼ਰਜ ਸਮਝਦੇ ਹੋਏ ਦਲਿਤ ਬੱਚਿਆਂ ਨੂੰ ਆਪਣੇ ਖ਼ਰਚ ਉੱਤੇ ਪੜ੍ਹਾਏਗੀ। ਇਸ ਦੇ ਲਈ ਕੈਬਿਨੇਟ ਵਿੱਚ ਇੱਕ ਸਕਾਲਰਸ਼ਿਪ ਸਕੀਮ ਸ਼ੂਰੂ ਕਰਨ ਜਾ ਰਹੀ ਹੈ। ਜਿਸ ਵਿੱਚ ਦਲਿਤਾਂ ਦੇ ਬੱਚਿਆਂ ਨੂੰ 10ਵੀਂ ਤੋਂ ਲੈ ਕੇ ਪੀਐਚਡੀ ਤੱਕ ਦੀ ਪੜ੍ਹਾਈ ਪੰਜਾਬ ਸਰਕਾਰ ਮੁਫ਼ਤ ਕਰਵਾਏਗੀ।
ਆਈ.ਟੀ.ਆਈ. ਬਾਰੇ ਉਨ੍ਹਾਂ ਦੱਸਿਆ ਕਿ 5 ਏਕੜ ਵਿੱਚ 8 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਹ ਆਈ.ਟੀ.ਆਈ. ਇੱਕ ਸਾਲ ਵਿੱਚ ਤਿਆਰ ਹੋ ਜਾਵੇਗੀ ਅਤੇ ਅਗਲੇ ਸਾਲ ਹੀ ਇਸ ਵਿੱਚ ਦਾਖ਼ਲੇ ਸ਼ੁਰੂ ਹੋ ਜਾਣਗੇ। ਇਸ ਤੋਂ ਇਲਾਵਾ ਇਸਦੇ ਇੰਫ਼ਰਾਸਟਰਕਚ ਉੱਤੇ 4 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਉਥੇ ਹੀ ਉਨ੍ਹਾਂ ਨੇ ਪਿੰਡ ਭਗੜਾਣਾ ਦੇ ਵਿਕਾਸ ਲਈ 5 ਲੱਖ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ।