ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿੱਚ ਚੱਲ ਰਹੇ ਲੌਕਡਾਊਨ ਦੇ ਦੌਰਾਨ ਸਾਰੇ ਕੰਮ ਪ੍ਰਭਾਵਿਤ ਹੋਏ ਹਨ। ਇਸੇ ਤਰ੍ਹਾਂ ਹੀ ਪੰਜਾਬ ਦੇ ਕਿਸਾਨਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਵਾਰ ਕਿਸਾਨਾਂ ਨੂੰ ਕੋਰੋਨਾ ਵਾਇਰਸ ਦੀ ਗਾਈਡਲਾਈਨਜ਼ ਮੁਤਾਬਕ ਮੰਡੀਆਂ ਦੇ ਵਿੱਚ ਕਣਕ ਨੂੰ ਲਿਆਂਦਾ ਗਿਆ ਅਤੇ ਹੋਈ ਬੇਮੌਸਮੀ ਬਰਸਾਤ ਦੇ ਕਾਰਨ ਵੀ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ।
ਇਸੇ ਤਰ੍ਹਾਂ ਹੀ ਹੁਣ ਪੰਜਾਬ ਦੇ ਵਿੱਚ ਝੋਨੇ ਦੀ ਬਿਜਾਈ ਦਾ ਸਮਾਂ ਹੈ ਪਰ ਲੌਕਡਾਊਨ ਕਰਕੇ ਕੰਮ ਬੰਦ ਹੋਣ ਦੇ ਕਾਰਨ ਇੱਥੋਂ ਦੇ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾ ਰਹੇ ਹਨ, ਜਿਸ ਕਾਰਨ ਹੁਣ ਝੋਨੇ ਦੀ ਬਿਜਾਈ ਦੇ ਕੰਮ ਦੇ ਲਈ ਕਿਸਾਨਾਂ ਨੂੰ ਲੇਬਰ ਨਹੀਂ ਮਿਲ ਰਹੀ ਅਤੇ ਜੇਕਰ ਕੁੱਝ ਲੇਬਰ ਮਿਲ ਵੀ ਰਹੀ ਹੈ ਤਾਂ ਉਹ ਮੂੰਹ ਮੰਗੀ ਰਕਮ ਲੈ ਰਹੀ ਹੈ ਜੋ ਕਿ ਕਿਸਾਨਾਂ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਪ੍ਰਵਾਸੀ ਮਜ਼ਦੂਰਾਂ ਤੋਂ ਨਾ ਲੈਣ ਕਿਰਾਇਆ, ਸੂਬਾ ਕਰੇਂ ਰੋਟੀ-ਪਾਣੀ ਦਾ ਪ੍ਰਬੰਧ: ਸੁਪਰੀਮ ਕੋਰਟ
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਵਾਰ ਲੌਕਡਾਊਨ ਦੇ ਕਾਰਨ ਉਨ੍ਹਾਂ ਨੂੰ ਲੇਬਰ ਨਹੀਂ ਮਿਲ ਰਹੀ ਜਿਸ ਕਾਰਨ ਝੋਨੇ ਦੀ ਬਿਜਾਈ ਵਿੱਚ ਦੇਰੀ ਹੋ ਰਹੀ ਹੈ ਅਤੇ ਜੇਕਰ ਲੇਬਰ ਮਿਲ ਰਹੀ ਹੈ ਤਾਂ ਉਹ ਦੁੱਗਣੇ ਰੇਟ 'ਤੇ ਮਿਲ ਰਹੀ ਹੈ। ਇਸ ਕਾਰਨ ਉਨ੍ਹਾਂ ਨੂੰ ਆਰਥਿਕ ਪੱਖੋਂ ਵੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਝੋਨੇ ਦੀ ਬਿਜਾਈ ਦੇ ਲਈ ਲੇਬਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।