ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਭਰ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਪਹਿਲਾਂ ਰੇਲਾਂ ਰੋਕੀਆਂ ਗਈਆਂ ਸਨ ਜੋ ਕਿ ਅਜੇ ਤੱਕ ਨਹੀਂ ਚੱਲੀਆਂ। ਜਿੱਥੇ ਰੇਲਾਂ ਨਾ ਚੱਲਣ ਦੇ ਕਾਰਨ ਕਾਰੋਬਾਰ ਪ੍ਰਭਾਵਿਤ ਹੋਏ। ਉੱਥੇ ਹੀ ਜੋ ਪਰਵਾਸੀ ਭਾਈਚਾਰੇ ਦੇ ਲੋਕ ਪੰਜਾਬ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੇ ਰਾਜਾਂ ਨੂੰ ਜਾਣ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹਾ ਹੀ ਦੇਖਣ ਨੂੰ ਮਿਲਿਆ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵਿਚ ਪੈਂਦੀ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਜਿਥੇ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਬੱਸਾਂ ਰਾਹੀਂ ਜਾ ਰਹੇ ਹਨ ਪਰ ਬੱਸ ਮਾਲਕਾਂ ਦੇ ਵੱਲੋਂ ਉਨ੍ਹਾਂ ਤੋਂ ਕਿਰਾਏ ਦੇ ਵੱਧ ਪੈਸੇ ਲਏ ਜਾ ਰਹੇ ਹਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਪਰਵਾਸੀ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਘਰਾਂ ਨੂੰ ਜਾ ਰਹੇ ਹਨ ਪਰ ਇਸ ਵਾਰ ਟ੍ਰੇਨਾਂ ਨਾ ਚੱਲਣ ਤੇ ਕਾਰਨ ਬੱਸ ਵਿੱਚ ਜਾਣ ਲਈ ਮਜਬੂਰ ਹਨ। ਜਿਸ ਕਰਕੇ ਬੱਸ ਵਾਲਿਆਂ ਵੱਲੋਂ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ। ਕਿਉਂਕਿ ਜਿੱਥੇ ਪਹਿਲਾਂ ਉਨ੍ਹਾਂ ਨੂੰ ਜਾਣ ਦੇ ਲਈ 800 ਤੋਂ 1200 ਰੁਪਏ ਲਗਦੇ ਸੀ ਪਰ ਹੁਣ ਟਰੇਨਾਂ ਨਾ ਚੱਲਣ ਦੇ ਕਾਰਨ ਉਨ੍ਹਾਂ ਨੂੰ ਬੱਸਾਂ ਰਾਹੀਂ ਆਪਣੇ ਘਰਾਂ ਨੂੰ ਜਾਣਾ ਪੈ ਰਿਹਾ ਹੈ। ਉਨ੍ਹਾਂ ਕੋਲੋਂ 1800 ਤੋ 2300 ਰੁਪਏ ਤੱਕ ਦਾ ਕਿਰਾਇਆ ਇੱਕ ਸਵਾਰੀ ਤੋਂ ਵਸੂਲ ਕੀਤਾ ਜਾ ਰਿਹਾ ਹੈ। ਉੱਥੇ ਹੀ ਇਕ ਵਿਅਕਤੀ ਨੇ ਦੱਸਿਆ ਕਿ ਪਹਿਲਾਂ ਉਸ ਤੋਂ 2000 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਪਰ ਜਦੋਂ ਉਹ ਇੱਥੇ ਆਇਆ ਤਾਂ ਉਸ ਨੂੰ 2200 ਰੁਪਿਆ ਦੇਣ ਦੇ ਲਈ ਕਿਹਾ ਗਿਆ।
ਉੱਥੇ ਹੀ ਗੱਲਬਾਤ ਕਰਦੇ ਹੋਏ ਬੱਸ ਵਾਲੇ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕੋਈ ਵੀ ਪੈਸਾ ਵੱਧ ਨਹੀਂ ਲਾਇਆ ਜਾ ਰਿਹਾ ਹੈ ਜੋ ਰੇਟ ਹੁਣ ਬੱਸ ਦੇ ਚੱਲ ਰਹੇ ਹਨ ਉਸੇ ਹੀ ਹਿਸਾਬ ਨਾਲ ਵਿਅਕਤੀ ਤੋਂ ਕਿਰਾਇਆ ਲਿਆ ਜਾ ਰਿਹਾ ਹੈ। ਵੱਖ ਵੱਖ ਥਾਵਾਂ ਦਾ ਕਿਰਾਇਆ ਉਸਦੇ ਹਿਸਾਬ ਨਾਲ ਲਿਆ ਜਾਂਦਾ ਹੈ ਕਿਸੇ ਤੋਂ 1500 ਤੇ ਕਿਸੇ ਤੋਂ 2200 ਰੁਪਏ ਤੱਕ ਕਿਰਾਇਆ ਵਸੂਲ ਕੀਤਾ ਜਾ ਰਿਹਾ ਹੈ। ਕੋਰੋਨਾ ਨੂੰ ਦੇਖਦੇ ਹੋਏ ਵੀ ਉਨ੍ਹਾਂ ਵੱਲੋਂ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।