ਸ੍ਰੀ ਫਤਿਹਗੜ੍ਹ ਸਾਹਿਬ: ਹਲਕਾ ਬਸੀ ਪਠਾਣਾ ਦੇ ਪਿੰਡ ਵਜੀਦਪੁਰ ਵਿੱਚ ਪਤੀ-ਪਤਨੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨਸ਼ਾ ਕਰਨ ਦਾ ਆਦੀ ਸੀ ਅਤੇ ਵਿਆਹ ਦੇ ਬਾਅਦ ਉਸਨੇ ਆਪਣੀ ਪਤਨੀ ਪ੍ਰਭਜੋਤ ਕੌਰ ਨੂੰ ਵੀ ਨਸ਼ੇ ਦੀ ਦਲਦਲ ਵਿੱਚ ਫਸਾ ਲਿਆ ਸੀ। ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਦੇ ਸਮਝਾਉਣ ਉੱਤੇ ਵੀ ਦੋਨਾਂ ਨੇ ਨਸ਼ਾ ਨਹੀਂ ਛੱਡਿਆ।
ਵੀਰਵਾਰ ਦੀ ਰਾਤ ਨੂੰ ਦੋਨੋਂ ਆਪਣੇ ਕਮਰੇ ਵਿੱਚ ਸੁੱਤੇ ਪਏ ਸਨ। ਆਪਣੀ ਡੇਢ ਸਾਲ ਦੀ ਬੱਚੀ ਜਗਨੂਰ ਕੌਰ ਨੂੰ ਗੁਰਵਿੰਦਰ ਸਿੰਘ ਨੇ ਮਾਤਾ ਬਲਜਿੰਦਰ ਕੌਰ ਦੇ ਨਾਲ ਸੌਣ ਲਈ ਪਾ ਦਿੱਤਾ। ਸਵੇਰੇ ਕਰੀਬ ਛੇ ਵਜੇ ਬੱਚੀ ਉੱਠਕੇ ਰੋਣ ਲੱਗੀ ਤਾਂ ਬਲਜਿੰਦਰ ਕੌਰ ਨੇ ਦੁੱਧ ਪਿਲਾਉਣ ਲਈ ਕਮਰੇ ਦਾ ਦਰਵਾਜਾ ਖੜਕਾਇਆ। ਕਿਸੇ ਨੇ ਦਰਵਾਜਾ ਨਾ ਖੋਲ੍ਹਿਆ ਤਾਂ ਖਿੜ੍ਹਕੀ ਤੋਂ ਵੇਖਿਆ ਕਿ ਗੁਰਵਿੰਦਰ ਸਿੰਘ ਪੱਖੇ ਨਾਲ ਲਟਕ ਰਿਹਾ ਸੀ ਅਤੇ ਬੈਡ ਉੱਤੇ ਉਸਦੀ ਪਤਨੀ ਪਈ ਸੀ। ਸਰਪੰਚ ਨੇ ਬੱਸੀ ਪਠਾਣਾ ਪੁਲਿਸ ਨੂੰ ਸੂਚਿਤ ਕੀਤਾ।
ਇਸ ਉਪਰੰਤ ਐਸਪੀ (ਆਈ) ਹਰਪਾਲ ਸਿੰਘ , ਡੀਐਸਪੀ ਬੱਸੀ ਪਠਾਣਾ ਸੁਖਮਿੰਦਰ ਸਿੰਘ ਚੌਹਾਨ ਅਤੇ ਐਸਐਚਓ ਮਨਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਘਟਨਾ ਸਥਾਨ ਦਾ ਜਾਇਜ਼ ਲਿਆ। ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦੋਨਾਂ ਲਾਸ਼ਾਂ ਦੇ ਵਾਰਸਾਂ ਨੂੰ ਬੁਲਾਕੇ ਬਿਆਨ ਦਰਜ ਕਰਨ ਉਪਰੰਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਦੇ ਬਾਅਦ ਲਾਸ਼ਾਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਦੋਨਾਂ ਦੀ ਮੌਤ ਦੇ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਣਉਗੇ।
ਇਹ ਵੀ ਪੜੋ: ਪਿੰਡ ਤੋਲੇਵਾਲ 'ਚ ਸ਼ਹੀਦ ਗੁਰਬਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੂੰ ਅਪ੍ਰੈਲ ਮਹੀਨੇ ਵਿੱਚ ਬੱਸੀ ਪਠਾਣਾ ਪੁਲਿਸ ਨੇ ਗੁਰਵਿੰਦਰ ਗਿੰਦਾ ਅਤੇ ਉਸਦੇ ਸਾਥੀ ਨੂੰ 6 ਗਰਾਮ ਹੇਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਕੁੱਝ ਦਿਨ ਪਹਿਲਾਂ ਹੀ ਉਹ ਜ਼ਮਾਨਤ ਉੱਤੇ ਬਾਹਰ ਆਇਆ ਸੀ।