ਫ਼ਤਹਿਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਦੁਸ਼ਹਿਰਾ ਗਰਾਊਂਡ ਵਿੱਚ ਪੰਜਾਬ ਅਮੇਚਰ ਬਾਡੀ ਬਿਲਡਿੰਗ ਐਸੋਸੀਏਸ਼ਨ ਅਤੇ ਇੰਡੀਅਨ ਬਾਡੀ ਬਿਲਡਰਸ ਫ਼ੈਡਰੇਸ਼ਨ ਮੁੰਬਈ ਵੱਲੋਂ ਸੀਨੀਅਰ ਮਿਸਟਰ ਪੰਜਾਬ 2021 ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਪੰਜਾਬ ਭਰ ਤੋਂ ਬਾਡੀ ਬਿਲਡਰਾਂ ਨੇ ਭਾਗ ਲਿਆ।
ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਤੇ ਸ਼ਿਰਕਤ ਕੀਤੀ। ਇਸਦੇ ਇਲਾਵਾ ਪਦਮਸ਼ਰੀ ਐਵਾਰਡੀ ਅਤੇ ਸਾਬਕਾ ਵਿਸ਼ਵ ਚੈਂਪੀਅਨ ਪ੍ਰੇਮਚੰਦ ਢੀਂਗਰਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਉੱਤੇ ਸ਼ਮੂਲਿਅਤ ਕੀਤੀ।
ਇਹ ਚੈਂਪੀਅਨਸ਼ਿਪ ਬਾਡੀ ਬਿਲਡਰਾਂ ਦੇ ਇਲਾਵਾ ਅੰਗਹੀਣ ਬਾਡੀ ਬਿਲਡਰਾਂ ਅਤੇ ਜ਼ਿਲ੍ਹੇ ਵਿੱਚ ਪਹਿਲੀ ਵਾਰ ਚੈਂਪੀਅਨਸ਼ਿਪ ਵਿੱਚ ਮਹਿਲਾ ਬਾਡੀ ਬਿਲਡਰਾਂ ਨੇ ਵੀ ਭਾਗ ਲਿਆ। ਚੈਂਪੀਅਨਸ਼ਿਪ ਦੌਰਾਨ ਸੀਨੀਅਰ ਮਿਸਟਰ ਪੰਜਾਬ 2021 ਦਾ ਖਿਤਾਬ ਪੰਜਾਬ ਪੁਲਿਸ ਦੇ ਹਰਦੀਪ ਸਿੰਘ ਦੀਪ ਨੇ ਆਪਣੇ ਨਾਂਅ ਕੀਤਾ। ਉਨ੍ਹਾਂ ਨੇ ਖਿਤਾਬ ਹਾਸਲ ਕਰਨ ਉੱਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਇਸ ਜਿੱਤ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ।
ਚੈਂਪੀਅਨਸ਼ਿਪ ਦੇ ਪ੍ਰਬੰਧਕ ਗੁਰਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਨੌਜਵਾਨਾਂ ਨੂੰ ਇਸ ਬਾਡੀ ਬਿਲਡਰਾਂ ਨੂੰ ਵੇਖ ਕੇ ਸੇਧ ਲੈਣੀ ਚਾਹੀਦੀ ਹੈ ਅਤੇ ਖੇਡਾਂ ਦੇ ਵੱਲ ਉਤਸ਼ਾਹਿਤ ਹੋਣਾ ਚਾਹੀਦਾ ਹੈ।