ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਵਜ਼ੀਰਾਬਾਦ 'ਚ ਪੰਜਾਬ ਸਰਕਾਰ ਵੱਲੋਂ ਦਵਾਈਆਂ ਦੀ ਸਨਅਤ ਲਗਾਉਣ ਲਈ ਐਕਵਾਇਰ ਕੀਤੀ ਜ਼ਮੀਨ ਦਾ ਮੁੱਦਾ ਭੱਖਦਾ ਹੀ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਪਿੰਡ ਵਾਸੀਆਂ ਦਾ ਸਾਥ ਦੇਣ ਲਈ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਪਹੁੰਚੇ।
ਪ੍ਰਦਰਸ਼ਨ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਧੱਕੇ ਨਾਲ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਦੇ ਮਤੇ ਪਵਾ ਕੇ ਵੇਚ ਰਹੀ ਹੈ। ਚੀਮਾ ਨੇ ਸਰਕਾਰ 'ਤੇ ਇਲਜ਼ਾਮ ਲਗਾਏ ਕਿ ਸਰਕਾਰ ਪਿੰਡਾਂ ਦੀਆਂ ਪੰਚਾਇਤਾਂ ਤੋਂ ਸਸਤੇ ਭਾਅ ਜ਼ਮੀਨਾਂ ਖ਼ਰੀਦ ਕੇ ਸਨਅਤਾਂ ਨੂੰ ਮਹਿੰਗੇ ਭਾਅ ਦੇ ਰਹੀ ਹੈ। ਮਹਿਕਮੇ ਵਿੱਚ ਇਸ ਸਾਰੇ ਮਾਮਲੇ ਨੂੰ ਲੈ ਕੇ ਵੱਡੇ ਘੁਟਾਲੇ ਹੋ ਰਹੇ ਹਨ।
ਚੀਮਾ ਨੇ ਕਿਹਾ ਕਿ ਸਰਕਾਰ ਇਹ ਜ਼ਮੀਨ ਐਕਵਾਇਰ ਕਰਕੇ ਸਨਅਤ ਲਗਾਉਣ ਦੀ ਗੱਲ ਤਾਂ ਕਰ ਰਹੀ ਹੈ ਪਰ ਜਿਹੜੀ ਜ਼ਮੀਨ ਪਹਿਲਾ ਐਕਵਾਈਰ ਕੀਤੀ ਗਈ ਹੈ ਉਸ 'ਤੇ ਹੱਲੇ ਤੱਕ ਕੋਈ ਸਨਅਤ ਨਹੀਂ ਲੱਗੀ। ਉਨ੍ਹਾਂ ਕਿਹਾ ਸਰਕਾਰ ਦੇ ਇਨ੍ਹਾਂ ਕਿਸਾਨ ਅਤੇ ਲੋਕ ਮਾਰੂ ਫੈਸਲੇ ਵਿਰੁੱਧ ਆਮ ਆਦਮੀ ਪਾਰਟੀ ਤਿੱਖਾ ਸੰਘਰਸ਼ ਲੜ੍ਹੇ ਗਈ।
ਇਸ ਸਾਰੇ ਮਾਮਲੇ ਨੂੰ ਲੈ ਕੇ ਐੱਸਡੀਐੱਮ ਡਾਕਟਰ ਸੰਜੀਵ ਕੁਮਾਰ ਨੇ ਕਿਹਾ ਕਿ ਵਜ਼ੀਰਾਬਾਦ ਦੀ ਗ੍ਰਾਮ ਸਭਾ ਨੇ ਇਹ ਜ਼ਮੀਨ ਮਤਾ ਪਾ ਕੇ ਸਰਕਾਰ ਨੂੰ ਸਨਅਤ ਲਗਾਉਣ ਲਈ ਵੇਚੀ ਹੈ। ਉਨ੍ਹਾਂ ਕਿਹਾ ਗ੍ਰਾਮ ਪੰਚਾਇਤ ਨਹੀਂ ਗ੍ਰਾਮ ਸਭਾ ਦੇ ਮਤੇ 'ਤੇ ਹੀ ਸਾਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।