ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਵਿੱਚ ਯੂਰੀਆ ਦੀ ਘਾਟ (urea deficiency) ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਡੀਸੀ ਦਫਤਰ ਦਾ ਘਿਰਾਓ ਕਰ ਰਹੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਨਿੱਜੀ ਪੀਏ ਰਾਮ ਕ੍ਰਿਸ਼ਨ ਭੱਲਾ ਨੂੰ ਵੀ ਘੇਰਿਆ ਤੇ ਆਪਣੇ ਧਰਨੇ ਵਿੱਚ ਸ਼ਾਮਿਲ ਕੀਤਾ।
ਇਸ ਦੌਰਾਨ ਡੀਸੀ ਨੇ ਵੀ ਕਿਸਾਨਾਂ ਨੂੰ ਸਮਝਾਇਆ ਪਰ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਯੂਰੀਆ ਨਹੀਂ ਮਿਲਦਾ ਪ੍ਰਦਰਸ਼ਨ ਜਾਰੀ ਰਹੇਗਾ। ਦੱਸ ਦਈਏ ਕਿ ਭੱਲਾ ਡੀਸੀ ਨੂੰ ਮਿਲਣ ਆਏ ਸੀ ਤਾਂ ਕਿਸਾਨਾਂ ਦੇ ਕਹਿਣ ’ਤੇ ਜਦੋਂ ਪੀਏ ਨੇ ਗੱਲ ਨਹੀਂ ਸੁਣੀ ਤਾਂ ਉਨ੍ਹਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਯੂਰੀਆ ਨਾ ਮਿਲਣ ਕਰਕੇ ਬਹੁਤ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸੋਮਵਾਰ ਨੂੰ ਧਰਨਾ ਲਾ ਕੇ ਚਿਤਾਵਨੀ ਦਿੱਤੀ ਸੀ ਪਰ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਜਿਸ ਕਰਕੇ ਉਨ੍ਹਾਂ ਵੱਲੋਂ ਡੀਸੀ ਦਫ਼ਤਰ ਘੇਰਿਆ ਗਿਆ ਹੈ। ਇਸ ਦੌਰਾਨ ਖੇਤੀਬਾੜੀ ਮੰਤਰੀ ਦੇ ਪੀਏ ਆਏ ਤਾਂ ਉਨ੍ਹਾਂ ਨੂੰ ਧਰਨੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਯੂਰੀਏ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ।
ਓਥੇ ਹੀ ਮੰਤਰੀ ਦੇ ਪੀਏ ਰਾਮ ਕ੍ਰਿਸ਼ਨ ਭੱਲਾ ਨੇ ਫੋਨ ਉਪਰ ਮੰਤਰੀ ਨਾਲ ਗੱਲਬਾਤ ਕਰਨ ਮਗਰੋਂ ਕਿਹਾ ਕਿ ਉਨ੍ਹਾਂ ਨੂੰ ਥੋੜਾ ਸਮਾਂ ਦਿੱਤਾ ਜਾਵੇ ਉਹ ਹੱਲ ਕਰਵਾ ਦੇਣਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਹਿਲਾਂ ਕਿਉਂ ਨਹੀਂ ਪ੍ਰਬੰਧ ਹੁੰਦੇ ਤਾਂ ਉਨ੍ਹਾਂ ਕਿਹਾ ਕਿ ਹੱਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਭਿਆਨਕ ਹਾਦਸੇ ’ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ, ਇੱਕ ਜ਼ਖਮੀ