ਫ਼ਤਿਹਗੜ੍ਹ ਸਾਹਿਬ : ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕੇ ਦੀ ਅਨਾਜ ਮੰਡੀ ਰੰਘੇੜੀ ਕਲਾ ਦਾ ਦੌਰਾ ਕੀਤਾ।
ਰਾਜੂ ਖੰਨਾ ਵੱਲੋਂ ਮਜ਼ਦੂਰਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਸੁਣਿਆ ਗਿਆ। ਉੱਥੇ ਅਨਾਜ ਮੰਡੀ ਰੰਘੇੜੀ ਕਲਾ ਵਿੱਚ ਕਣਕ ਦੀ ਬੋਲੀ ਨਾ ਮਾਤਰ ਹੋਣ ਦੀਆਂ ਸਿਕਾਇਤਾਂ ਵੀ ਕਿਸਾਨਾਂ ਤੇ ਆੜਤੀਆਂ ਵੱਲੋਂ ਕੀਤੀਆਂ ਗਈਆਂ।
ਕਣਕ ਦੀ ਹਰ ਰੋਜ਼ ਬੋਲੀ ਤੇ ਲਿਫਟਿੰਗ ਨਾ ਹੋਣ ਸਬੰਧੀ ਰਾਜੂ ਖੰਨਾ ਵੱਲੋਂ ਇਹ ਮਾਮਲਾ ਤੁਰੰਤ ਐਸ.ਡੀ.ਐਮ ਦੇ ਧਿਆਨ ਵਿੱਚ ਲਿਆਂਦਾ ਗਿਆ। ਐੱਸ.ਡੀ.ਐੱਮ ਅਮਲੋਹ ਨੇ ਰਾਜੂ ਖੰਨਾ ਨੂੰ ਭਰੋਸਾ ਦਿਵਾਇਆ ਕਿ ਮੰਡੀ ਦੀ ਇਹ ਸਮੱਸਿਆਵਾਂ ਤੁਰੰਤ ਹੱਲ ਕਰ ਦਿੱਤੀ ਜਾਵੇਗੀ।
ਰਾਜੂ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੰਘੇੜੀ ਮੰਡੀ ਵਿੱਚ ਜਿਸ ਦਿਨ ਦੀ ਖ਼ਰੀਦ ਸ਼ੁਰੂ ਹੋਈ ਹੈ, ਉਸ ਦਿਨ ਤੋਂ ਸਿਰਫ਼ ਇੱਕ ਦਿਨ ਕਣਕ ਦੀ ਨਾ ਮਾਤਰ ਖਰੀਦ ਕੀਤੀ ਗਈ ਹੈ, ਤੇ ਕਿਸਾਨ ਪੰਜ-ਪੰਜ ਦਿਨਾਂ ਤੋ ਮੰਡੀ ਵਿੱਚ ਬੈਠੇ ਹਨ। ਪੰਜਾਬ ਸਰਕਾਰ ਫੋਕੇ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦਾ ਇੱਕ-ਇੱਕ ਦਾਣਾ ਖ਼ਰੀਦ ਕੇ ਸ਼ਾਮ ਨੂੰ ਕਿਸਾਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਪਰ ਇਸ ਮੰਡੀ ਵਿੱਚ ਸਰਕਾਰ ਦੇ ਦਾਅਵਿਆਂ ਦੇ ਉਲਟ ਹੋ ਰਿਹਾ ਹੈ।