ਸ੍ਰੀ ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪੈਂਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਅੰਤਰ ਰਾਸ਼ਟਰੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਸੰਘ ਚੰਡੀਗੜ੍ਹ ਅਤੇ ਇਸਕਾਨ (Iskon) ਫੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਵੱਲੋਂ ਭਗਵਾਨ ਜਗਨਨਾਥ ਜੀ ਦੀ 21ਵੀਂ ਰੱਥ ਯਾਤਰਾ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਕੱਢੀ ਗਈ। ਇਸ ਦੌਰਾਨ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ਉਤੇ ਸ਼ਮੂਲਿਅਤ ਕੀਤੀ ਅਤੇ ਭਗਵਾਨ ਰਥ ਯਾਤਰਾ ਦੀ ਸ਼ੁਰੂਆਤ ਕਾਰਵਾਈ।
ਜਗਨਨਾਥ ਯਾਤਰਾ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸ਼ਮੂਲੀਅਤ : ਇਸ ਮੌਕੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਭਗਵਾਨ ਜਗਨਨਾਥ ਯਾਤਰਾ ਦੇ ਆਯੋਜਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਗਵਾਨ ਜਗਨਨਾਥ ਜੀ ਦਾ ਅਸ਼ੀਰਵਾਦ ਸਮੁੱਚੇ ਪੰਜਾਬ ਅਤੇ ਮੰਡੀ ਗੋਬਿੰਦਗੜ੍ਹ ਸ਼ਹਿਰ ਤੇ ਬਣਿਆ ਰਹੇ ਅਤੇ ਇਸੇ ਤਰ੍ਹਾਂ ਖੁਸ਼ੀਆਂ ਮਨਾਉਂਦੇ ਰਹੀਏ। ਉਨ੍ਹਾਂ ਨੇ ਕਿਹਾ ਕਿ ਸਾਨੂੰ ਧਾਰਮਿਕ ਸਮਾਗਮ ਇਕੱਠੇ ਹੋ ਕੇ ਮਨਾਉਣੇ ਚਾਹੀਦੇ ਹਨ।
ਕੇਂਦਰ ਸਰਕਾਰ ਨੇ ਪੰਜਾਬ ਦਾ ਰੋਕਿਆ 3700 ਕਰੋੜ ਰੁਪਿਆ : ਪੰਜਾਬ ਦੀਆਂ ਸੜਕਾਂ ਦੇ ਮੁੱਦੇ ਤੇਉ ਬੋਲਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਸਾਰੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਪਰ ਕੇਂਦਰ ਦੀ ਸਰਕਾਰ ਵੱਲੋਂ ਪੰਜਾਬ ਦੇ ਆਰਡੀਐੱਫ ਦਾ ਕਰੀਬ 3700 ਕਰੋੜ ਰੁਪਏ ਪਿਛਲੇ ਦੋ ਸਾਲਾਂ ਤੋਂ ਰੋਕ ਰੱਖਿਆ ਹੈ। ਇਸੇ ਕਾਰਨ ਸੂਬੇ ਦੀ ਸੜਕਾ ਦਾ ਨਿਰਮਾਣ ਕਰਵਾਉਣ ਅਤੇ ਰਿਪੇਅਰ ਦਾ ਕੰਮ ਕਰਵਉਂਣ ਵਿੱਚ ਸਮੱਸਿਆ ਆ ਰਹੀ ਹੈ।
ਗੁਰਬਾਣੀ ਪ੍ਰਸਾਰਣ ਮੁੱਦੇ ਉਤੇ ਵੀ ਗੱਲਬਾਤ : ਉੱਥੇ ਹੀ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੇਂਦਰ ਨੂੰ ਦਖ਼ਲ ਦਿੱਤੇ ਜਾਣ ਦੇ ਮੁੱਦੇ ਉਤੇ ਬੋਲਦੇ ਹੋਏ ਅਮਨ ਅਰੋੜਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਉਤੇ ਕਿਸੇ ਇਕ ਅਦਾਰੇ ਜਾਂ ਪਰਿਵਾਰ ਦਾ ਹੱਕ ਨਹੀਂ ਬਲਕਿ ਸਾਰਿਆਂ ਨੂੰ ਪ੍ਰਸਾਰ ਤੇ ਪ੍ਰਚਾਰ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।ਇਸ ਲਈ ਜੇਕਰ ਐਸਜੀਪੀਸੀ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਤਕਲੀਫ਼ ਹੈ ਤਾਂ ਇਸ ਦਾ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ। ਮਾਨ ਸਾਹਿਬ ਸਹੀ ਹਨ ਜਾਂ ਉਹ ਲੋਕ ਸਹੀ ਨੇ ਜੋਂ ਆਪਣੇ ਨਿੱਜੀ ਹਿੱਤ ਪੂਰ ਰਹੇ ਹਨ।