ਸ੍ਰੀ ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਬਣੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਨਵਜੋਤ ਸਿੱਧੂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੀ ਹੁਣ ਉਹ ਰਾਜ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਰੁਕਵਾ ਸਕਣਗੇ।
ਸਰਬਜੀਤ ਝਿੰਜਰ ਨੇ ਕਿਹਾ ਅੱਜ ਨਵਜੋਤ ਸਿੱਧੂ ਉਨ੍ਹਾਂ ਵਿਧਾਇਕਾਂ ਨੂੰ ਜੱਫੀਆਂ ਪਾ ਕੇ ਮੂੰਹ ਮਿੱਠਾ ਕਰਵਾ ਰਹੇ ਹਨ ਜਿਨ੍ਹਾਂ ਦੇ ਨਾਮ ਵੈਕਸੀਨ ਘੁਟਾਲਿਆਂ, ਸ਼ਰਾਬ ਮਾਫੀਆ ਅਤੇ ਨਾਜਾਇਜ਼ ਮਾਈਨਿੰਗ ਵਿੱਚ ਘਿਰੇ ਹੋਏ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਜ਼ੁਬਾਨ ਦੇ ਆਪਣੇ ਆਪ ਨੂੰ ਪੱਕੇ ਦੱਸਣ ਵਾਲੇ ਨਵਜੋਤ ਸਿੱਧੂ ਪਹਿਲਾਂ ਇਹ ਸਪੱਸ਼ਟ ਕਰਨ ਕਿ ਅੰਮ੍ਰਿਤਸਰ ਵਿਖੇ ਹੋਏ ਰੇਲ ਹਾਦਸੇ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕਿੰਨੀਆਂ ਕੁ ਨੌਕਰੀਆਂ ਤੇ ਸਹਾਇਤਾ ਦਿੱਤੀਆਂ ਗਈ ਹੈ। ਝਿੰਜਰ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਖਿਲਾਫ਼ ਤਾਂ ਨਵਜੋਤ ਸਿੱਧੂ ਇਕ ਵੀ ਸ਼ਬਦ ਨਹੀਂ ਬੋਲ ਸਕੇ।
ਉਨ੍ਹਾਂ ਸਿੱਧੂ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਹੁਣ ਉਹ ਆਪਣੀ ਹੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਵਿੱਚ ਘਿਰੇ ਆਗੂਆਂ ‘ਤੇ ਕਾਰਵਾਈ ਕਰਵਾ ਸਕਣਗੇ। ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ੍ਹ ਕੇ ਝੂਠੀਆਂ ਸੋਹਾਂ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਸਭ ਤੋਂ ਵੱਡੀ ਬੇਅਦਬੀ ਝੂਠ ਬੋਲ ਕੇ ਕੀਤੀ ਹੈ ਕਿ ਉਸ ‘ਤੇ ਮਾਮਲਾ ਦਰਜ ਕਰਵਾਉਣਗੇ। ਅਜਿਹੇ ਕਿੰਨੇ ਹੀ ਸਵਾਲਾਂ ਨੂੰ ਲੈ ਕੇ ਅਕਾਲੀ ਦਲ ਨੇ ਵੱਡਾ ਮੋਰਚਾ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਖੋਲ੍ਹਿਆ ਹੈ।
ਇਹ ਵੀ ਪੜ੍ਹੋ:ਸਿੱਧੂ ਦੀ ਤਾਜਪੋਸ਼ੀ Live Updates: ਪਟਿਆਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਸਿੱਧੂ