ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ 'ਚ ਇੱਕ ਮਹੀਨੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 3 ਬੇਅਦਬੀਆਂ ਦੇ ਮਾਮਲੇ ਸਾਹਮਣੇ ਆਏ ਹਨ। ਰੋਹੀਮਰ ਤੋਂ ਬਾਬਾ ਦਰਬਾਰਾ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਉਨ੍ਹਾਂ ਵੱਲੋਂ ਕੁੱਝ ਵੱਡੇ ਸਵਾਲ ਚੁੱਕੇ ਗਏ।
ਉਨ੍ਹਾਂ ਦਾ ਕਹਿਣਾ ਸੀ ਕਿ ਹੋਰ ਵੀ ਸਤਿਕਾਰਯੋਗ ਧਾਰਮਿਕ ਸਥਾਨ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਬੇਅਦਬੀ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਿੰਡ ਤੂਰਾਂ 'ਚ ਇੱਕ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਬੈਠ ਗਿਆ ਸੀ ਜਿਸ ਨੂੰ ਸਿੱਖ ਸੰਗਤ ਦੁਆਰਾ ਮੌਕੇ 'ਤੇ ਕਾਬੂ ਕਰ ਲਿਆ ਗਿਆ। ਪਰ ਪੁਲਿਸ ਵੱਲੋਂ ਇਸ 'ਤੇ ਬਣਦੀ ਤੇ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ।
ਉਸ ਦੇ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਜਦੋਂ ਕਿ ਉਹ ਵਿਅਕਤੀ ਦਰਜੀ ਹੈ ਤੇ ਡੇਰੇ ਸਰਸੇ ਨਾਲ ਸਬੰਧਤ ਹੈ। ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਦਰਬਾਰਾ ਸਿੰਘ ਦਾ ਕਹਿਣਾ ਸੀ ਕਿ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਇਹ ਬੇਅਦਬੀ ਕੌਣ ਕਰਵਾ ਰਿਹਾ ਹੈ ਤੇ ਕਿਉਂ? ਤੇ ਜੋ ਬੇਅਦਬੀ ਕਰਦਾ ਹੈ ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।